ਫ਼ਾਜ਼ਿਲਕਾ, 12 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ. ਨੰ. 295) ਦੇ ਸੱਦੇ 'ਤੇ ਪੂਰੇ ਪੰਜਾਬ ਤੋਂ ਇਕੱਠੇ ਹੋਏ ਪੇਂਡੂ ਡਾਕਟਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ | ਇਸ ਰੈਲੀ ਵਿਚ ਫ਼ਾਜ਼ਿਲਕਾ ਬਲਾਕ-1 ਅਤੇ ਬਲਾਕ-2 ਦੇ 150 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ | ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਡਾਕਟਰਾਂ ਦਾ ਇੱਕ ਵੱਡਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਰਾਜ ਕਿ੍ਸ਼ਨ ਜੋਸਨ ਅਤੇ ਪੁਰਸ਼ੋਤਮ ਸ਼ਰਮਾ ਦੀ ਅਗਵਾਈ ਹੇਠ ਸੰਗਰੂਰ ਪਹੁੰਚਿਆ | ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ 'ਤੇ ਡਾਕਟਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਏ | ਆਗੂਆਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ਦੇਣ ਵਾਲੇ ਮੈਡੀਕਲ ਪ੍ਰੈਕਟੀਸ਼ਨਰ ਆਪਣੀਆਂ ਜਾਇਜ਼ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਸਕਾਰਾਤਮਿਕ ਫ਼ੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਰੋਸ ਮਾਰਚ ਵਿਚ ਬਲਾਕ-1 ਦੇ ਪ੍ਰਧਾਨ ਸੰਦੀਪ ਕੰਬੋਜ, ਮਦਨ, ਕੈਸ਼ੀਅਰ ਡਾ. ਰੌਸ਼ਨ ਲਾਲ, ਚੇਅਰਮੈਨ ਵਿਜੇ ਕੁਮਾਰ, ਸਟੇਟ ਸੈਕਟਰੀ ਡਾ. ਰਮੇਸ਼ ਕੁਮਾਰ, ਸੋਹਣ ਸਿੰਘ ਅਤੇ ਪੈੱ੍ਰਸ ਸਕੱਤਰ ਡਾ. ਜਸਵੰਤ ਸਿੰਘ ਸ਼ਤੀਰ ਵਾਲਾ ਨੇ ਮੁੱਖ ਤੌਰ 'ਤੇ ਭਾਗ ਲਿਆ | ਇਸੇ ਤਰ੍ਹਾਂ ਬਲਾਕ-2 ਦੇ ਪ੍ਰਧਾਨ ਜਸਵਿੰਦਰ ਸਿੰਘ ਆਲਮ ਸ਼ਾਹ ਅਤੇ ਕੈਸ਼ੀਅਰ ਡਾ. ਸਤਪਾਲ ਵੀ ਆਪਣੇ ਸਾਥੀਆਂ ਸਮੇਤ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਪਹੁੰਚੇ |