ਫ਼ਾਜ਼ਿਲਕਾ, 12 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਫ਼ਾਜ਼ਿਲਕਾ ਵਲੋਂ ਸ਼੍ਰੀ ਬਾਲਾ ਜੀ ਜਨਮ ਉਤਸਵ ਨੂੰ ਸਮਰਪਿਤ ਇਕ ਵਿਸ਼ਾਲ ਖ਼ੂਨਦਾਨ ਕੈਂਪ ਸਥਾਨਕ ਸ਼੍ਰੀ ਬਾਲਾ ਜੀ ਧਾਮ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਇਲਾਕੇ ਦੇ 225 ਨੌਜਵਾਨਾਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਇਸ ਮੌਕੇ ਮੰਦਰ ਦੇ ਪੁਜਾਰੀ ਵਿਜੇ ਸ਼ਾਸਤਰੀ, ਕੈਸ਼ੀਅਰ ਅਸ਼ਵਨੀ ਬਾਂਸਲ ਅਤੇ ਅਮਨ ਡੋਡਾ ਹਾਜ਼ਰ ਸਨ | ਉਨ੍ਹਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਅਰਦਾਸ ਕੀਤੀ ਕਿ ਸੰਸਥਾ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੀ ਰਹੇ | ਸੰਸਥਾ ਦੇ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਵਿਕਾਸ ਝੀਂਝਾ, ਗਿਰਧਾਰੀ ਸਿਲਗ ਅਤੇ ਹੋਰਾਂ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਫ਼ਾਜ਼ਿਲਕਾ ਦੇ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਨਾ ਆਉਣ ਦੇਣਾ ਹੈ | ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਹਰ ਮਹੀਨੇ 100 ਤੋਂ 120 ਯੂਨਿਟ ਖ਼ੂਨ ਦੀ ਲੋੜ ਹੁੰਦੀ ਹੈ, ਜਿਸ ਲਈ ਅਬੋਹਰ ਦੇ ਸਿਵਲ ਹਸਪਤਾਲ ਨੂੰ ਵੀ ਖ਼ੂਨ ਮੁਹੱਈਆ ਕਰਵਾਇਆ ਜਾਂਦਾ ਹੈ | ਮੌਸਮ ਵਿਚ ਤਬਦੀਲੀ ਕਾਰਨ ਖ਼ੂਨ ਦੀ ਮੰਗ ਅਚਾਨਕ ਵਧ ਗਈ ਹੈ, ਜਿਸ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਕੈਂਪ ਦੌਰਾਨ ਦੋ ਬਲੱਡ ਬੈਂਕਾਂ ਦੀਆਂ ਟੀਮਾਂ ਵਲੋਂ ਖ਼ੂਨ ਇਕੱਤਰ ਕੀਤਾ ਗਿਆ | ਸੰਸਥਾ ਨੇ ਐਲਾਨ ਕੀਤਾ ਕਿ ਅਗਲਾ ਖ਼ੂਨਦਾਨ ਕੈਂਪ 26 ਅਪ੍ਰੈਲ ਨੂੰ ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ | ਇਸ ਮੌਕੇ ਸੁਖਵਿੰਦਰ ਬਰਾੜ, ਅਨਿਲ ਛਾਬੜਾ, ਪਰਮਜੀਤ ਸਿੰਘ, ਮਨੋਜ ਅਰੋੜਾ, ਰਾਘਵ ਨਾਗਪਾਲ ਅਤੇ ਸੁਰਿੰਦਰ ਚਾਂਦਮਾਰੀ ਵੀ ਹਾਜ਼ਰ ਸਨ |