ਅਬੋਹਰ, 28 ਅਪ੍ਰੈਲ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਗਸ਼ਤ ਦੌਰਾਨ ਸੇਮ ਨਾਲੇ ਦੇ ਨਜ਼ਦੀਕ ਨਸ਼ੀਲੀ ਵਸਤੂ ਦਾ ਸੇਵਨ ਕਰ ਰਹੇ ਤਿੰਨ ਨੌਜਵਾਨਾਂ ਨੂੰ ਮੌਕੇ 'ਤੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਨਸ਼ਾ ਕਰਨ ਲਈ ਵਰਤੀ ਜਾ ਰਹੀ ਸਿਲਵਰ ਪੰਨੀ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ | ਫੜੇ ਗਏ ਨੌਜਵਾਨਾਂ ਦੀ ਪਛਾਣ ਬੱਬਲੂ ਪੁੱਤਰ ਸੋਹਣ ਲਾਲ, ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਗੁਰਚਰਨ ਸਿੰਘ ਅਤੇ ਸੁਨੀਲ ਕੁਮਾਰ ਪੁੱਤਰ ਸੋਹਣ ਲਾਲ ਸਾਰੇ ਵਾਸੀ ਪਿੰਡ ਦਾਨੇਵਾਲਾ ਸੱਤਕੋਸੀ, ਤਹਿਸੀਲ ਅਬੋਹਰ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੌਲਦਾਰ ਲਵਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ 'ਤੇ ਸਨ | ਜਦੋਂ ਪੁਲਿਸ ਪਾਰਟੀ ਪਿੰਡ ਦਾਨੇਵਾਲਾ ਸੱਤਕੋਸੀ ਦੇ ਕੋਲ ਪੁਲ ਸੇਮ ਨਾਲਾ ਨਜ਼ਦੀਕ ਪਹੁੰਚੀ ਤਾਂ ਸੜਕ ਦੇ ਸੱਜੇ ਪਾਸੇ ਕੱਚੀ ਪਟੜੀ ਨਾਲ ਲੱਗਦੀਆਂ ਝਾੜੀਆਂ ਵਿਚ ਤਿੰਨ ਨੌਜਵਾਨ ਲਾਈਟਰ ਜਗਾ ਕੇ ਸਿਲਵਰ ਪੰਨੀ ਉੱਪਰ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕਰ ਰਹੇ ਸਨ | ਪੁਲਿਸ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਨਸ਼ਾ ਕਰਨ ਲਈ ਵਰਤਿਆ ਜਾ ਰਿਹਾ ਲਾਈਟਰ, ਸਿਲਵਰ ਪੰਨੀ ਅਤੇ 10 ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਇਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |