ਮੰਡੀ ਘੁਬਾਇਆ, 5 ਮਈ (ਅਮਨ ਬਵੇਜਾ)-ਇਲਾਕੇ 'ਚ ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਤੂਫ਼ਾਨੀ ਹਵਾਵਾਂ ਕਾਰਨ ਇਕ ਸ਼ੈਲਰ 'ਚ ਵੱਡਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਨੇ ਛਾਬੜਾ ਇੰਡਸਟਰੀ ਮੰਡੀ ਘੁਬਾਇਆ ਦੀਆਂ ਸ਼ੈਲਰ ਦੀਆਂ ਦੀਵਾਰਾਂ ਅਤੇ ਛੱਤਾਂ ਨੂੰ ਨੁਕਸਾਨ ਪਹੁੰਚਾਇਆ, ਜਦਕਿ ਲੱਗੇ ਹੋਏ ਸੋਲਰ ਪੈਨਲ ਅਤੇ ਬਿਜਲੀ ਦੀਆਂ ਲਾਈਟਾਂ ਵੀ ਉੱਡ ਗਈਆਂ | ਇੰਡਸਟਰੀ ਦੇ ਸੰਚਾਲਕ ਮਨੀਸ਼ ਛਾਬੜਾ ਨੇ ਦੱਸਿਆ ਕਿ ਹਨੇਰੀ ਇੰਨੀ ਤੇਜ਼ ਸੀ ਕਿ ਕੁੱਝ ਸਮੇਂ ਲਈ ਆਲੇ-ਦੁਆਲੇ ਧੂੜ ਦਾ ਗ਼ੁਬਾਰ ਛਾ ਗਿਆ | ਇਸ ਦੌਰਾਨ ਸ਼ੈਲਰ ਦੀ ਟੀਨ ਦੀ ਛੱਤ ਦੇ ਕਈ ਹਿੱਸੇ ਉੱਖੜ ਕੇ ਦੂਰ ਖੇਤਾਂ ਵਿਚ ਜਾ ਡਿੱਗੇ | ਸ਼ੈਲਰ ਦੀ ਛੱਤ 'ਤੇ ਲੱਗੇ ਸੋਲਰ ਪੈਨਲ ਵੀ ਹਵਾਵਾਂ ਦੀ ਲਪੇਟ 'ਚ ਆ ਕੇ ਟੁੱਟ ਗਏ ਅਤੇ ਉੱਡ ਕੇ ਖੇਤਾਂ ਵਿਚ ਜਾ ਡਿੱਗੇ | ਇਸ ਦੇ ਨਾਲ ਹੀ ਬਾਹਰ ਲੱਗੀਆਂ ਬਿਜਲੀ ਦੀਆਂ ਲਾਈਟਾਂ ਅਤੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਿਆ | ਨੁਕਸਾਨ ਦਾ ਅੰਦਾਜ਼ਾ ਲੱਖਾਂ ਰੁਪਏ ਵਿਚ ਲਗਾਇਆ ਜਾ ਰਿਹਾ ਹੈ | ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਤੇਜ਼ ਹਨੇਰੀ ਨੇ ਸ਼ੈਲਰ 'ਚ ਵੱਡਾ ਆਰਥਿਕ ਨੁਕਸਾਨ ਕੀਤਾ ਹੈ |