ਜਲਾਲਾਬਾਦ, 5 ਮਈ (ਕਰਨ ਚੁਚਰਾ)-ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਕਣਕ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਅੱਗ ਲਗਾਉਣ 'ਤੇ ਲਗਾਈ ਗਈ ਪਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪੁਲਿਸ ਨੇ ਪਿੰਡ ਘਾਂਗਾ ਕਲਾਂ ਦੇ ਇਕ ਕਿਸਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਸਬ-ਡਵੀਜ਼ਨ ਪੱਧਰੀ ਮੋਨੀਟਰਿੰਗ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਘਾਂਗਾ ਕਲਾਂ ਵਿਖੇ ਨਿਰਵੈਰ ਸਿੰਘ ਨਾਮੀ ਕਿਸਾਨ ਵਲੋਂ ਆਪਣੇ ਖੇਤਾਂ ਵਿਚ ਕਣਕ ਦੇ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਸੀ | ਜੇ.ਈ.ਈ.ਮਨਜੀਤ ਕੌਰ (ਪੀ.ਪੀ.ਸੀ.ਬੀ.) ਅਤੇ ਸਬ-ਡਵੀਜ਼ਨਲ ਮੋਨੀਟਰਿੰਗ ਕਮੇਟੀ ਜਲਾਲਾਬਾਦ ਵਲੋਂ ਭੇਜੇ ਗਏ ਪੱਤਰ ਨੰਬਰ ਬੀ-01 ਰਾਹੀਂ ਇਸ ਉਲੰਘਣਾ ਦੀ ਪੁਸ਼ਟੀ ਕੀਤੀ ਗਈ | ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਥਾਣਾ ਅਮੀਰ ਖ਼ਾਸ ਵਿਖੇ ਉਕਤ ਕਿਸਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |