ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਸ਼ਹਿਰ ਦੀ ਪ੍ਰਸਿੱਧ ਅਤੇ ਪ੍ਰਾਚੀਨ ਗਊਸ਼ਾਲਾ, ਜਿਸ ਦਾ ਸੰਚਾਲਨ ਸ੍ਰੀ ਗਊ ਰਕਸ਼ਕਣੀ ਸਭਾ ਵਲੋਂ ਕੀਤਾ ਜਾ ਰਿਹਾ ਹੈ, ਬੇਸਹਾਰਾ ਅਤੇ ਬਿਮਾਰ ਗਊਵੰਸ਼ ਦੀ ਸੇਵਾ ਵਿਚ ਮਿਸਾਲ ਪੈਦਾ ਕਰ ਰਹੀ ਹੈ | ਇਸ ਗਊਸ਼ਾਲਾ ਵਿਚ 1600 ਤੋਂ ਵੱਧ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਕਰੀਬ 150 ਦੁਧਾਰੂ ਗਊਆਂ ਰਾਹੀਂ ਸ਼ਹਿਰ ਵਾਸੀਆਂ ਨੂੰ ਸ਼ੁੱਧ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ | ਪਸ਼ੂ ਰੋਗਾਂ ਦੇ ਮਾਹਿਰ ਡਾ.ਨਵਜੋਤ ਵਧਾਵਨ ਅਤੇ ਉਨ੍ਹਾਂ ਦੇ ਸਹਾਇਕ ਰਾਜ ਕੁਮਾਰ ਰੋਜ਼ਾਨਾ ਕਰੀਬ ਇਕ ਦਰਜਨ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕਰਦੇ ਹਨ | ਡਾ.ਵਧਾਵਨ ਨੇ ਦੱਸਿਆ ਕਿ ਗਊਸ਼ਾਲਾ ਵਿਚ ਲੋੜ ਅਨੁਸਾਰ ਗਊਆਂ ਦੀਆਂ ਛੋਟੀਆਂ ਸਰਜਰੀਆਂ ਅਤੇ ਗਰਭਵਤੀ ਗਊਆਂ ਦੇ ਸਿਜ਼ੇਰੀਅਨ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ | ਬਿਮਾਰ ਗਊਆਂ ਨੂੰ ਉਦੋਂ ਤੱਕ ਵਿਸ਼ੇਸ਼ ਵਾਰਡ ਵਿਚ ਰੱਖਿਆ ਜਾਂਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀਆਂ | ਉਨ੍ਹਾਂ ਦੱਸਿਆ ਕਿ ਹੁਣ ਗਊਸ਼ਾਲਾ ਵਿਚ ਬਿਮਾਰ ਗਊਵੰਸ਼ ਦੇ ਇਲਾਜ ਲਈ 'ਲਿਫ਼ਟ ਸਟੈਂਡ' ਦੀ ਸਹੂਲਤ ਵੀ ਉਪਲਬਧ ਹੈ, ਜਿਸ ਨਾਲ ਇਲਾਜ ਦੌਰਾਨ ਪਸ਼ੂਆਂ ਨੂੰ ਹੋਣ ਵਾਲੀ ਤਕਲੀਫ਼ ਘਟ ਗਈ ਹੈ | ਇਸ ਤੋਂ ਪਹਿਲਾਂ ਰਵਾਇਤੀ ਤਰੀਕਿਆਂ ਨਾਲ ਇਲਾਜ ਦੌਰਾਨ ਕਾਫ਼ੀ ਦਿੱਕਤ ਆਉਂਦੀ ਸੀ | ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਇਕ ਆਧੁਨਿਕ ਵੱਡੇ ਸਰਜਰੀ ਰੂਮ ਦੀ ਸਖ਼ਤ ਲੋੜ ਹੈ, ਜਿਸ ਲਈ ਪ੍ਰਬੰਧਕੀ ਕਮੇਟੀ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ |