ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡੇਂਗੂ ਅਤੇ ਹੋਰ ਮੱਛਰ-ਜਨਿਤ ਬਿਮਾਰੀਆਂ ਦੇ ਖ਼ਾਤਮੇ ਲਈ ਵਿੱਢੀ ਗਈ 'ਫਰਾਈ ਡੇ, ਡਰਾਈ ਡੇ' ਮੁਹਿੰਮ ਤਹਿਤ ਵਿਸ਼ੇਸ਼ ਗਤੀਵਿਧੀਆਂ ਉਲੀਕੀਆਂ ਗਈਆਂ | ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਕੀਤਾ ਗਿਆ ਤਾਂ ਜੋ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ | ਇਸ ਮੌਕੇ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ | ਇਸ ਲਈ ਹਰ ਸ਼ੁੱਕਰਵਾਰ ਨੂੰ 'ਡਰਾਈ ਡੇ' ਵਜੋਂ ਮਨਾਉਂਦੇ ਹੋਏ ਆਪਣੇ ਘਰਾਂ ਦੇ ਕੂਲਰਾਂ, ਗਮਲਿਆਂ, ਫ਼ਰਿਜਾਂ ਦੀਆਂ ਟਰੇਆਂ ਅਤੇ ਪੁਰਾਣੇ ਟਾਇਰਾਂ ਆਦਿ ਵਿਚ ਜਮਾਂ ਪਾਣੀ ਨੂੰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਨਰਸਿੰਗ ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਭੇਜਿਆ ਗਿਆ ਹੈ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਦੇ ਰਹੀਆਂ ਹਨ | ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਨੇ ਕਿਹਾ ਕਿ ਜਨਤਕ ਸਹਿਯੋਗ ਤੋਂ ਬਿਨਾਂ ਇਸ ਬਿਮਾਰੀ 'ਤੇ ਕਾਬੂ ਪਾਉਣਾ ਮੁਸ਼ਕਿਲ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀਆਂ ਬਾਂਹਾਂ ਦੇ ਕੱਪੜੇ ਪਹਿਨਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਮੱਛਰਦਾਨੀ ਦਾ ਇਸਤੇਮਾਲ ਕਰਨ | ਚੈਕਿੰਗ ਦੌਰਾਨ ਜਿੱਥੇ ਵੀ ਮੱਛਰ ਦਾ ਲਾਰਵਾ ਮਿਲਿਆ, ਉੱਥੇ ਵਿਭਾਗ ਵਲੋਂ ਤੁਰੰਤ ਐਂਟੀ-ਲਾਰਵਾ ਸਪਰੇਅ ਕਰਵਾਈ ਗਈ | ਇਸ ਮੌਕੇ ਡਾ.ਪੰਕਜ, ਸੰਜੀਵ ਗਰੋਵਰ, ਮਾਸ ਮੀਡੀਆ ਵਿਭਾਗ ਤੋਂ ਵਿਨੋਦ ਖੁਰਾਨਾ, ਦਿਵੇਸ਼ ਕੁਮਾਰ, ਸੁਖਦੇਵ ਸਿੰਘ, ਅਤਿੰਦਰ ਸਿੰਘ, ਵਿਕੀ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |