ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਪੀ.ਏ.ਡੀ.ਬੀ.(ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਲਿਮਟਿਡ, ਫ਼ਾਜ਼ਿਲਕਾ) ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਲਾਇਆ ਗਿਆ ਦਿਨ-ਰਾਤ ਦਾ ਪੱਕਾ ਮੋਰਚਾ 6ਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ | ਧਰਨੇ 'ਤੇ ਬੈਠੇ ਕਿਸਾਨਾਂ ਨੇ ਬੈਂਕ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਬੈਂਕ ਦੀ ਕਥਿਤ ਅੰਦਰੂਨੀ ਗੜਬੜੀ ਅਤੇ ਕਰਜ਼ੇ ਦੇ ਮੱਕੜ-ਜਾਲ ਕਾਰਨ ਦੋ ਸਕੇ ਭਰਾਵਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ, ਜਿਨ੍ਹਾਂ ਨੇ ਫ਼ਰੀਦਕੋਟ ਵਿਖੇ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਸੀ | ਯੂਨੀਅਨ ਦੇ ਆਗੂ ਸੁਖਬੀਰ ਸਿੰਘ ਨੇ ਦੱਸਿਆ ਕਿ 11 ਮਈ ਤੋਂ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਛੇਵੇਂ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਇਹ ਹੁਣ ਦਿਨ-ਰਾਤ ਦਾ ਪੱਕਾ ਮੋਰਚਾ ਬਣ ਗਿਆ ਹੈ | ਕਿਸਾਨ ਆਗੂਆਂ ਨੇ ਬੈਂਕ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਖ਼ਿਲਾਫ਼ ਚੱਲ ਰਹੇ ਇਸ ਅੰਦੋਲਨ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕਰਨ ਦਾ ਵੱਡਾ ਐਲਾਨ ਕੀਤਾ ਹੈ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮਿ੍ਤਕ ਭਰਾਵਾਂ ਨੇ ਆਪਣੀ ਜ਼ਮੀਨ ਵੇਚ ਕੇ ਬੈਂਕ ਦਾ ਸਾਰਾ ਕਰਜ਼ਾ ਚੁਕਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਬੈਂਕ ਪ੍ਰਬੰਧਕਾਂ ਨੇ ਉਨ੍ਹਾਂ ਦੇ ਨਾਂ 'ਤੇ ਦੁਬਾਰਾ ਕਰਜ਼ਾ ਖੜ੍ਹਾ ਕਰ ਦਿੱਤਾ | ਇਸੇ ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਦੋਵਾਂ ਭਰਾਵਾਂ ਨੇ ਮੌਤ ਨੂੰ ਗਲੇ ਲਗਾ ਲਿਆ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਬੈਂਕ ਭੋਲੇ-ਭਾਲੇ ਕਿਸਾਨਾਂ ਨਾਲ ਬਹੁਤ ਵੱਡੀ ਧੋਖਾਧੜੀ ਅਤੇ ਘਪਲੇਬਾਜ਼ੀ ਕਰ ਰਿਹਾ ਹੈ | ਇਸ ਧੋਖਾਧੜੀ ਦੇ ਵਿਰੋਧ ਵਿਚ ਕਿਸਾਨਾਂ ਨੇ ਬੈਂਕ ਦੇ ਮੁੱਖ ਗੇਟ ਨੂੰ ਤਾਲੇ ਲਗਾ ਦਿੱਤੇ ਹਨ ਅਤੇ ਪਿਛਲੇ ਛੇ ਦਿਨਾਂ ਤੋਂ ਉੱਥੇ ਹੀ ਡਟੇ ਹੋਏ ਹਨ | ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬੈਂਕ ਅਧਿਕਾਰੀ ਵੀ ਆਪਣੇ ਪੱਧਰ 'ਤੇ ਤਾਲੇ ਲਗਾ ਕੇ ਮੌਕੇ ਤੋਂ ਜਾ ਚੁੱਕੇ ਹਨ | ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਮੁਕੰਮਲ ਇਨਸਾਫ਼ ਨਹੀਂ ਮਿਲਦਾ ਅਤੇ ਬੈਂਕ ਦੀਆਂ ਬੇਨਿਯਮੀਆਂ 'ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਪੱਕਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ | ਸਥਾਨਕ ਲੋਕਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਉਹ ਬੈਂਕ ਦੀ ਇਸ ਮਨਮਾਨੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ |