ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਹੋ ਰਹੀਆਂ ਨਗਰ ਕੌਂਸਲ ਦੀਆਂ ਚੌਣਾ ਦੌਰਾਨ ਟਿਕਟਾਂ ਦੀ ਵੰਡ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਭਾਜਪਾ ਅੰਦਰ ਬਗ਼ਾਵਤ ਦੀਆ ਸੁਰਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਬਗ਼ਾਵਤ ਦੀ ਅੱਗ ਪਿਛਲੇ ਕਾਫ਼ੀ ਸਮੇਂ ਤੋਂ ਧੁਖ ਰਹੀ ਸੀ ਪਰ ਉਸ ਦੀਆਂ ਚੰਗਿਆੜੀਆਂ ਹੁਣ ਭਖਣ ਲੱਗੀਆਂ ਹਨ | ਸਭ ਤੋਂ ਪਹਿਲਾਂ ਫ਼ਾਜ਼ਿਲਕਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਜੋ ਕਿ ਫ਼ਾਜ਼ਿਲਕਾ ਅੰਦਰ ਭਾਜਪਾ ਦੇ ਥੰਮ੍ਹ ਮੰਨੇ ਜਾਂਦੇ ਸਨ, ਨੇ ਭਾਜਪਾ ਦੀ ਸੂਬਾਈ ਲੀਡਰਸ਼ਿਪ 'ਤੇ ਪੁਰਾਣੇ ਵਰਕਰਾਂ ਦੀ ਅਣਦੇਖੀ ਕਰਨ ਦੇ ਦੋਸ਼ ਲਗਾਉਣ, ਭਾਜਪਾ ਛੱਡ ਆਮ ਆਦਮੀ ਪਾਰਟੀ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਦਾ ਪੱਲਾ ਫੜ ਲਿਆ ਸੀ | ਇਸ ਮੌਕੇ ਉਨ੍ਹਾਂ ਪਾਰਟੀ ਅੰਦਰ ਘੁੱਟਣ ਮਹਿਸੂਸ ਹੋਣ ਦੇ ਦੋਸ਼ ਲਾਏ ਸਨ | ਸ਼੍ਰੀ ਸੇਠੀ ਦੇ ਪਾਰਟੀ ਛੱਡਣ ਦੇ ਫ਼ੈਸਲੇ ਨਾਲ ਫ਼ਾਜ਼ਿਲਕਾ ਵਿਚ ਪੁਰਾਣੇ ਵਰਕਰਾਂ ਦੇ ਮਨਾਂ ਨੂੰ ਠੇਸ ਲੱਗੀ ਸੀ | ਉਸ ਤੋਂ ਬਾਅਦ ਬਗ਼ਾਵਤ ਦੀ ਅੱਗ ਠੰਢੀ ਹੋਣ ਦੀ ਬਜਾਏ ਹੋਰ ਸੁਲਗਨ ਲੱਗੀ | ਜਿਸ ਦੇ ਚੱਲਦਿਆਂ ਫ਼ਾਜ਼ਿਲਕਾ ਅੰਦਰ ਭਾਜਪਾ ਦੇ ਕਈ ਵਾਰ ਰਹੇ ਚੁੱਕੇ ਕੌਂਸਲਰ ਰਮੇਸ਼ ਵਰਮਾ ਨੇ ਭਾਜਪਾ ਨੂੰ ਛੱਡ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਹੇਠ 'ਆਪ' ਵਿਚ ਸ਼ਾਮਲ ਹੋ ਗਏ | ਦੂਜੇ ਪਾਸੇ ਅਬੋਹਰ ਵਿਧਾਨ ਸਭਾ ਹਲਕਾ ਜਿੱਥੇ ਭਾਜਪਾ ਦਾ ਵੰਡਾ ਜਨ-ਆਧਾਰ ਹੈ ਵਿਖੇ ਸਾਬਕਾ ਵਿਧਾਇਕ ਡਾ.ਰਾਮ ਕੁਮਾਰ ਗੋਇਲ ਨੇ ਅਬੋਹਰ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਮੌਜੂਦਾ ਭਾਜਪਾ ਲੀਡਰਸ਼ਿਪ 'ਤੇ ਦੋਸ਼ ਲਗਾਏ | ਉਨ੍ਹਾਂ ਨੇ ਅਬੋਹਰ ਨਗਰ ਨਿਗਮ ਚੋਣਾ ਵਿਚ ਉਨ੍ਹਾਂ ਆਪਣੇ ਨਵੇਂ ਚਹੇਤਿਆਂ ਨੂੰ ਟਿਕਟਾਂ ਦੀ ਵੰਡ ਕੀਤੀ ਹੈ | ਪੁਰਾਣੇ ਟਕਸਾਲੀ ਭਾਜਪਾ ਵਰਕਰਾਂ ਨੂੰ ਦਰਕਿਨਾਰ ਕਰ ਦਿੱਤਾ ਹੈ | ਜਿਸ ਨੂੰ ਲੈ ਕੇ ਭਾਜਪਾ ਦੇ ਪੁਰਾਣੇ ਧੜੇ ਦੇ ਵਰਕਰਾਂ ਵਿਚ ਭਾਰੀ ਮਾਯੂਸੀ ਪਾਈ ਜਾ ਰਹੀ ਹੈ | ਸ਼੍ਰੀ ਗੋਇਲ ਨੇ ਇਸ ਸਭ ਲਈ ਭਾਜਪਾ ਦੇ ਵਿਧਾਇਕ ਸੰਦੀਪ ਜਾਖੜ ਨੂੰ ਜ਼ਿੰਮੇਵਾਰ ਠਹਿਰਾਇਆ 'ਤੇ ਕਿਹਾ ਕਿ ਉਨ੍ਹਾਂ ਆਪਣੇ ਨਾਲ ਆਏ ਨਵੇਂ ਚਿਹਰਿਆਂ ਨੂੰ ਟਿਕਟਾਂ ਦੀ ਵੰਡ ਕੀਤੀ ਹੈ | ਉਨ੍ਹਾਂ ਪੰਜਾਬ ਹਾਈਕਮਾਨ ਤੋਂ ਮੰਗ ਕੀਤੀ ਅਗਰ ਭਾਜਪਾ ਦੇ ਪੁਰਾਣੇ ਵਰਕਰਾਂ ਨੂੰ ਯੋਗ ਨੁਮਾਇੰਦਗੀ ਨਾਂ ਦਿੱਤੀ ਤਾਂ ਪੁਰਾਣੇ ਵਰਕਰ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ | ਸੂਤਰਾਂ ਤੋਂ ਜਾਣਕਾਰੀ ਅਨੁਸਾਰ ਜਲਾਲਾਬਾਦ ਹਲਕੇ ਦੇ ਕੁੱਝ ਪੁਰਾਣੇ ਵਰਕਰਾਂ ਅੰਦਰ ਬੇਚੈਨੀ ਪਾਈ ਜਾ ਰਹੀ ਹੈ | ਉਹ ਆਪਣੀ ਦੱਬੀ ਆਵਾਜ਼ ਵਿਚ ਸਤਿਕਾਰ ਨਾਂ ਮਿਲਣ ਦੀ ਗੱਲ ਕਰਦੇ ਹਨ, ਪਰ ਹਾਲ ਦੀ ਘੜੀ ਉਹ ਦੇਖੋ ਦੀ ਨੀਤੀ ਅਪਣਾ ਰਹੇ ਹਨ | ਅਗਰ ਭਾਜਪਾ ਹਾਈਕਮਾਨ ਨੇ ਬਗ਼ਾਵਤ ਦੀ ਅੱਗ ਨੂੰ ਠੰਢਾ ਨਾਂ ਕੀਤਾ ਤਾਂ ਜਲਾਲਾਬਾਦ ਹਲਕੇ ਅੰਦਰ ਵੀ ਲਪਟਾਂ ਤੇਜ਼ ਨਿਕਲ ਸਕਦੀਆਂ ਹਨ | ਉੱਧਰ ਭਾਜਪਾ ਅੰਦਰ ਹੋ ਰਹੀ ਬਗ਼ਾਵਤ ਨੂੰ ਦੇਖਦਿਆਂ ਦੂਸਰੀਆਂ ਸਿਆਸੀ ਪਾਰਟੀਆਂ ਨੇ ਭਾਜਪਾ ਦੇ ਬਾਗ਼ੀ ਹੋ ਰਹੇ ਆਗੂਆਂ 'ਤੇ ਵਰਕਰਾਂ ਨੂੰ ਆਪਣੇ-ਆਪਣੇ ਨਾਲ ਜੋੜਨ ਦੇ ਯਤਨ ਆਰੰਭ ਦਿੱਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਸ਼ਿਵਰਾਜ ਗੋਇਲ ਜੋ ਵਿਧਾਇਕ ਦੀ ਟਿਕਟ ਦੇ ਵੀ ਦਾਅਵੇਦਾਰ ਹਨ ਨਾਲ ਦੂਜਿਆਂ ਪਾਰਟੀਆਂ ਦੇ ਆਗੂਆਂ ਨੇ ਸੰਪਰਕ ਸਾਧਿਆ ਹੋਇਆ ਹੈ ਪਰ ਉਹ ਹਾਲੇ ਪਾਰਟੀ ਹਾਈਕਮਾਨ ਤੋਂ ਇਨਸਾਫ਼ ਦੀ ਆਸ ਰੱਖ ਰਹੇ ਹਨ |