ਅਬੋਹਰ, 16 ਮਈ (ਵਿਵੇਕ ਹੂੜੀਆ)-ਸੱਚਖੰਡ ਕਾਨਵੈਂਟ ਸਕੂਲ ਵਿਖੇ ਲਗਾਏ ਗਏ ਸਮਰ ਕੈਂਪ ਦਾ ਦੂਜਾ ਦਿਨ ਭਰਪੂਰ ਉਤਸ਼ਾਹ, ਰਚਨਾਤਮਿਕਤਾ ਅਤੇ ਮਨੋਰੰਜਨ ਨਾਲ ਭਰਿਆ ਰਿਹਾ | ਅੱਜ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਸਟੇਜ 'ਤੇ ਮਾਡਲਿੰਗ ਅਤੇ ਆਕਰਸ਼ਕ ਰੈਂਪ ਵਾਕ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਬੱਚਿਆਂ ਦੇ ਰੰਗ-ਬਿਰੰਗੇ ਪਹਿਰਾਵੇ, ਸਟਾਈਲਿਸ਼ ਅੰਦਾਜ਼ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਪੇਸ਼ਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਬੇਹੱਦ ਖ਼ਾਸ ਬਣਾ ਦਿੱਤਾ | ਰੈਂਪ ਵਾਕ ਦੇ ਨਾਲ-ਨਾਲ ਵਿਦਿਆਰਥੀਆਂ ਨੇ 'ਵਾਇਰਲੈੱਸ ਕੁਕਿੰਗ' (ਬਿਨਾਂ ਅੱਗ ਦੇ ਖਾਣਾ ਬਣਾਉਣ) ਦੀ ਗਤੀਵਿਧੀ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਬੇਹੱਦ ਸੁਆਦੀ ਅਤੇ ਆਕਰਸ਼ਕ ਪਕਵਾਨ ਤਿਆਰ ਕਰਕੇ ਆਪਣੀ ਰਸੋਈ ਕਲਾ ਅਤੇ ਰਚਨਾਤਮਿਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਰ ਕੈਂਪ ਦੌਰਾਨ ਬੱਚਿਆਂ ਨੇ ਸਕੂਲ ਦੇ ਸੁੰਦਰ ਬਗੀਚੇ ਵਿਚ ਵੱਖ-ਵੱਖ ਆਊਟਡੋਰ ਗਤੀਵਿਧੀਆਂ ਅਤੇ ਖੇਡਾਂ ਦਾ ਵੀ ਭਰਪੂਰ ਅਨੰਦ ਲਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਿਸ ਸ਼ਵੇਤਾ ਅਹੂਜਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ, ਸਿਰਜਣਾਤਮਿਕਤਾ ਅਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਸਕੂਲ ਦੇ ਡਾਇਰੈਕਟਰ ਮਿਸਟਰ ਕੁਲਤਾਰਾ ਅਸ਼ੋਕ ਅਹੂਜਾ ਨੇ ਵੀ ਬੱਚਿਆਂ ਦੀ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |