ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਮਾਨਵਤਾ ਦੀ ਸੇਵਾ ਲਈ ਇਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਯਾਤਰੀਆਂ ਨੂੰ ਪਾਣੀ ਪਿਲਾਉਣ ਦਾ ਸੇਵਾ ਪ੍ਰਕਲਪ ਸ਼ੁਰੂ ਕੀਤਾ ਗਿਆ ਹੈ | ਪ੍ਰੋਜੈਕਟ ਇੰਚਾਰਜ ਸਤਪਾਲ ਕਿ੍ਸ਼ਨਾ ਮੋਹਲ਼ਾ ਅਤੇ ਉਪ-ਪ੍ਰਧਾਨ ਰਾਜ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾ ਕਾਰਜ ਸ਼ੁਰੂ ਹੋ ਕੇ ਆਗਾਮੀ 15 ਸਤੰਬਰ ਤੱਕ ਨਿਰੰਤਰ ਜਾਰੀ ਰਹੇਗਾ | ਸ਼ਾਖਾ ਪ੍ਰਧਾਨ ਅਜੇ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਜਦੋਂ ਵੀ ਇਸ ਸੇਵਾ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਤਾਂ ਪਹਿਲੇ ਦਿਨ ਅਸ਼ੋਕ ਛਾਬੜਾ ਆਪਣੇ ਬੇਟੇ ਦੇ ਜਨਮਦਿਨ ਦੇ ਮੌਕੇ 'ਤੇ ਯਾਤਰੀਆਂ ਨੂੰ ਠੰਢਾ ਅਤੇ ਮਿੱਠਾ ਪਾਣੀ ਪਿਲਾ ਕੇ ਪੁੰਨ ਕਮਾਉਂਦੇ ਹਨ | ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਵੀਨ ਸ਼ਰਮਾ ਅਤੇ ਡਾ. ਕੁਨਾਲ ਕੀਰਤੀ ਮਲਿਕ ਨੇ ਕਿਹਾ ਕਿ ਇਹ ਬਹੁਤ ਹੀ ਉੱਤਮ ਕਾਰਜ ਹੈ, ਜੋ ਪਰਿਸ਼ਦ ਵਲੋਂ ਪਿਛਲੇ ਲਗਭਗ 20 ਸਾਲਾਂ ਤੋਂ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਚਲਾਇਆ ਜਾ ਰਿਹਾ ਹੈ | ਖ਼ਜ਼ਾਨਚੀ ਰਾਘਵ ਸਚਦੇਵਾ ਅਤੇ ਰਾਜਾ ਰਾਮ ਸਚਦੇਵਾ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਪਰਿਵਾਰ ਦੇ ਸਾਰੇ ਮੈਂਬਰ ਸਥਾਨਕ ਰੇਲਵੇ ਸਟੇਸ਼ਨ 'ਤੇ ਸੇਵਾ ਦੇ ਇਸ ਪਵਿੱਤਰ ਮੌਕੇ 'ਤੇ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਆਪਣੀਆਂ ਸੇਵਾਵਾਂ ਦਿੰਦੇ ਹਨ | ਪ੍ਰਧਾਨ ਅਜੇ ਗੁਪਤਾ ਨੇ ਇਸ ਮੌਕੇ ਸਥਾਨਕ ਸਟੇਸ਼ਨ ਮਾਸਟਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਸੇਵਾ ਪ੍ਰੋਜੈਕਟ ਨੂੰ ਸੁਚਾਰੂ ਰੂਪ ਵਿਚ ਚਲਾਇਆ ਜਾਂਦਾ ਹੈ | ਇਸ ਭਿਅੰਕਰ ਗਰਮੀ ਦੇ ਮੌਸਮ ਵਿਚ ਠੰਢੇ ਅਤੇ ਮਿੱਠੇ ਪਾਣੀ ਦੀ ਸਹੂਲਤ ਮਿਲਣ 'ਤੇ ਰੇਲ ਯਾਤਰੀਆਂ ਨੇ ਸੁਖ ਦਾ ਸਾਹ ਲਿਆ ਅਤੇ ਪਰਿਸ਼ਦ ਦੇ ਮੈਂਬਰਾਂ ਨੂੰ ਇਸ ਨੇਕ ਕਾਰਜ ਲਈ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸੇਵਾ ਮੌਕੇ ਰਾਜਨ ਸਿੰਗਲਾ, ਕੇਵਲ ਕਿ੍ਸ਼ਨ ਡੋਡਾ, ਸੰਦੀਪ ਕਟਾਰੀਆ ਸਮੇਤ ਪਰਿਸ਼ਦ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |