ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿਚ ਇਕ ਜ਼ਿਲ੍ਹਾ ਪੱਧਰੀ ਜਾਗਰੂਕਤਾ ਪ੍ਰੋਗਰਾਮ ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਚੁਵਾੜਿਆਂਵਾਲੀ ਵਿਖੇ ਕਰਵਾਇਆ ਗਿਆ | ਇਸ ਮੌਕੇ ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਦਾ ਮੁੱਖ ਮਕਸਦ ਲੋਕਾਂ ਨੂੰ ਡੇਂਗੂ ਤੋਂ ਬਚਣ ਅਤੇ ਇਸ ਦੇ ਇਲਾਜ ਪ੍ਰਤੀ ਜਾਗਰੂਕ ਕਰਨਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਸਗੋਂ ਕੁੱਝ ਸਾਧਾਰਨ ਸਾਵਧਾਨੀਆਂ ਵਰਤ ਕੇ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ | ਜ਼ਿਲ੍ਹਾ ਐਪੀਡੈਮੋਲੋਜਿਸਟ ਡਾ.ਸੁਨੀਤਾ ਕੰਬੋਜ ਨੇ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ 'ਏਡਜ਼ ਏਜਿਪਟੀ' ਨਾਂ ਦੇ ਸੰਕਰਮਿਤ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਦੇ ਸਮੇਂ ਹੀ ਕੱਟਦਾ ਹੈ | ਇਸ ਲਈ ਪਾਣੀ ਦੇ ਸਰੋਤਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਮੱਛਰ ਦੇ ਲਾਰਵੇ ਨੂੰ ਸ਼ੁਰੂਆਤ ਵਿਚ ਹੀ ਨਸ਼ਟ ਕੀਤਾ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਬੁਖ਼ਾਰ ਹੋਣ ਦੀ ਸੂਰਤ ਵਿਚ ਐਸਪਰੀਨ ਜਾਂ ਬਰੂਫਿਨ ਵਰਗੀਆਂ ਗੋਲੀਆਂ ਨਾ ਲਈਆਂ ਜਾਣ, ਸਿਰਫ਼ ਪੈਰਾਸੀਟਾਮੋਲ ਦੀ ਵਰਤੋਂ ਕੀਤੀ ਜਾਵੇ | ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵਲੋਂ ਡੇਂਗੂ ਵਿਸ਼ੇ 'ਤੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ | ਬੱਚਿਆਂ ਦੀ ਇਸ ਖ਼ੂਬਸੂਰਤ ਪੇਸ਼ਕਾਰੀ ਦੀ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ਲਾਘਾ ਕੀਤੀ ਗਈ | ਸਕੂਲ ਪ੍ਰਬੰਧਕਾਂ ਵਲੋਂ ਇਸ ਸਫਲ ਜਾਗਰੂਕਤਾ ਪ੍ਰੋਗਰਾਮ ਲਈ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨਰੇਸ਼ ਸਪੜਾ, ਵਿਕੀ ਕੁਮਾਰ, ਸਵਰਨ ਸਿੰਘ, ਸੁਨੀਤਾ ਰਾਣੀ, ਗੁਰਜੰਟ ਸਿੰਘ ਸਮੇਤ ਸਮੂਹ ਅਧਿਆਪਕ ਅਤੇ ਬੱਚੇ ਹਾਜ਼ਰ ਸਨ |