ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਆਲਮ ਸ਼ਾਹ ਰੋਡ 'ਤੇ ਸਥਿਤ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ 'ਮਦਰਜ਼ ਡੇ' ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਰੋਹ ਦੌਰਾਨ ਅਕਾਦਮਿਕ ਸੈਸ਼ਨ 2025-26 ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਦੀਆਂ ਮਾਤਾਵਾਂ ਨੂੰ ਵੀ ਸਨਮਾਨ ਪੱਤਰ ਦਿੱਤੇ ਗਏ | ਸਮਾਰੋਹ ਨੂੰ ਹੋਰ ਦਿਲਚਸਪ ਬਣਾਉਣ ਲਈ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਦੇ ਸਾਂਝੇ ਖੇਡ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਕੁੱਲ ਚਾਰ ਰਾਊਾਡ ਹੋਏ ਜਿਸ ਵਿਚ ਮਿਊਜ਼ੀਕਲ ਚੇਅਰ, ਕੁਇਜ਼, ਬੱਚਿਆਂ ਅਤੇ ਮਾਵਾਂ ਦੀਆਂ ਆਦਤਾਂ ਬਾਰੇ ਸਵਾਲ-ਜਵਾਬ ਅਤੇ ਅੱਖਾਂ ਬੰਦ ਕਰਕੇ ਛੂਹ ਕੇ ਆਪਣੀ ਮਾਂ ਨੂੰ ਪਛਾਣਨ ਵਰਗੀਆਂ ਰੋਚਕ ਖੇਡਾਂ ਸ਼ਾਮਲ ਸਨ | ਇਨ੍ਹਾਂ ਮੁਕਾਬਲਿਆਂ ਵਿਚੋਂ ਦਸਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਅਤੇ ਉਸ ਦੀ ਮਾਤਾ ਸ਼੍ਰੀਮਤੀ ਮੰਜੂ ਰਾਣੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਛਾਬੜਾ ਨੇ ਬੱਚਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਆਦਰ-ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ | ਸਕੂਲ ਪ੍ਰਬੰਧਕ ਸ਼੍ਰੀਮਤੀ ਰਿਚਾ ਪ੍ਰਣਾਮੀ ਨੇ ਵੀ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਤਾ-ਪਿਤਾ ਸਾਡੇ ਲਈ ਰੱਬ ਦੇ ਬਰਾਬਰ ਹਨ ਅਤੇ ਸਾਨੂੰ ਹਮੇਸ਼ਾ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ | ਇਸੇ ਤਰ੍ਹਾਂ ਸਕੂਲ ਦੇ ਚੇਅਰਮੈਨ ਵਿਜੇ ਮੋਂਗਾ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪ੍ਰਮਾਤਮਾ ਖ਼ੁਦ ਧਰਤੀ 'ਤੇ ਨਹੀਂ ਆ ਸਕਦਾ, ਇਸ ਲਈ ਉਸ ਨੇ ਮਾਤਾ-ਪਿਤਾ ਦੇ ਰੂਪ ਵਿਚ ਸਾਨੂੰ ਆਸ਼ੀਰਵਾਦ ਦਿੱਤਾ ਹੈ | ਸਾਨੂੰ ਹਮੇਸ਼ਾ ਉਨ੍ਹਾਂ ਦੇ ਦੱਸੇ ਹੋਏ ਨੇਕ ਰਸਤੇ 'ਤੇ ਚੱਲਣਾ ਚਾਹੀਦਾ ਹੈ | ਪ੍ਰੋਗਰਾਮ ਦੇ ਅਖੀਰ ਵਿਚ ਆਏ ਹੋਏ ਮਹਿਮਾਨਾਂ, ਮਾਤਾਵਾਂ ਅਤੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ |