ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਰਾਸ਼ਟਰੀ ਜਨਗਣਨਾ ਦੀ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ, ਸ਼ੁੱਧਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕ ਵਿਸ਼ੇਸ਼ ਉੱਚ-ਪੱਧਰੀ ਟੀਮ ਵਲੋਂ ਅਬੋਹਰ ਦਿਹਾਤੀ ਖੇਤਰ ਅਧੀਨ ਆਉਂਦੇ ਪਿੰਡ ਅਮਰਪੁਰਾ ਦਾ ਵਿਸ਼ੇਸ਼ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਇਸ ਕੇਂਦਰੀ ਜਾਂਚ ਟੀਮ ਦੀ ਅਗਵਾਈ ਜਨਗਣਨਾ ਵਿਭਾਗ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਆਰ.ਪੀ.ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਕਾਰਤਿਕ ਆਰੀਆ ਅਤੇ ਡਿਪਟੀ ਆਰਥਿਕ 'ਤੇ ਅੰਕੜਾ ਸਲਾਹਕਾਰ ਹਰਜਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਅਬੋਹਰ ਦਿਹਾਤੀ ਖੇਤਰ ਦੇ ਤਹਿਸੀਲਦਾਰ ਮਨਿੰਦਰ ਸਿੰਘ, ਪਵਨ ਕੁਮਾਰ ਅਤੇ ਦੀਪਕ ਅਰੋੜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਜਾਂਚ ਦੌਰਾਨ ਅਧਿਕਾਰੀਆਂ ਦੀ ਟੀਮ ਨੇ ਪਿੰਡ ਅਮਰਪੁਰਾ ਵਿਖੇ ਘਰ-ਘਰ ਸਰਵੇਖਣ (ਹਾਊਸ ਲਿਸਟਿੰਗ ਬਲਾਕ) ਨੰਬਰ 243 ਅਤੇ 244 ਦਾ ਜ਼ਮੀਨੀ ਪੱਧਰ 'ਤੇ ਬਾਰੀਕੀ ਨਾਲ ਨਿਰੀਖਣ ਕੀਤਾ | ਉਨ੍ਹਾਂ ਨੇ ਫ਼ੀਲਡ ਸਟਾਫ਼ ਵੱਲੋਂ ਹੁਣ ਤੱਕ ਇਕੱਠੇ ਕੀਤੇ ਗਏ ਅੰਕੜਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਅਤੇ ਡਾਟਾ ਐਂਟਰੀ ਦੀ ਸ਼ੁੱਧਤਾ ਨੂੰ ਮੌਕੇ 'ਤੇ ਵੈਰੀਫਾਈ (ਪੁਸ਼ਟੀ) ਕੀਤਾ | ਇਸ ਮੌਕੇ ਸੰਯੁਕਤ ਨਿਰਦੇਸ਼ਕ ਸ੍ਰੀ ਆਰ.ਪੀ. ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਫ਼ੀਲਡ ਵਿਚ ਤਾਇਨਾਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਦਿੰਦਿਆਂ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ | ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਹਰੇਕ ਘਰ ਅਤੇ ਵਿਅਕਤੀ ਦੀ ਗਿਣਤੀ 100 ਫ਼ੀਸਦੀ ਸਹੀ ਹੋਣੀ ਚਾਹੀਦੀ ਹੈ | ਇਸ ਕਾਰਜ ਲਈ ਨਕਸ਼ਿਆਂ (ਮੈਪਿੰਗ) ਦੀ ਦੁਬਾਰਾ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਪਰਿਵਾਰ, ਮਕਾਨ ਜਾਂ ਡੇਰਾ ਇਸ ਸਰਵੇਖਣ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਸੁਪਰਵਾਈਜ਼ਰਾਂ ਨੂੰ ਫ਼ੀਲਡ ਵਿਚ ਲਗਾਤਾਰ ਕਰਾਸ-ਵੈਰੀਫਿਕੇਸ਼ਨ (ਦੋਹਰੀ ਜਾਂਚ) ਕਰਨ ਦੇ ਹੁਕਮ ਦਿੱਤੇ | ਸੰਯੁਕਤ ਨਿਰਦੇਸ਼ਕ ਨੇ ਸਟਾਫ਼ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਜਨਗਣਨਾ ਦੇਸ਼ ਦੇ ਭਵਿੱਖ ਅਤੇ ਰਾਸ਼ਟਰ ਨਿਰਮਾਣ ਦਾ ਇਕ ਬਹੁਤ ਹੀ ਮਹੱਤਵਪੂਰਨ ਥੰਮ੍ਹ ਹੈ, ਕਿਉਂਕਿ ਇਸੇ ਡਾਟਾ ਦੇ ਆਧਾਰ 'ਤੇ ਸਰਕਾਰਾਂ ਵਲੋਂ ਭਵਿੱਖ ਦੀਆਂ ਲੋਕ-ਭਲਾਈ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ | ਇਸ ਲਈ ਇਸ ਕਾਰਜ ਵਿਚ ਕਿਸੇ ਵੀ ਪੱਧਰ 'ਤੇ ਮਾਮੂਲੀ ਲਾਪਰਵਾਹੀ ਜਾਂ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸਮੂਹ ਕਰਮਚਾਰੀ ਇਸ ਰਾਸ਼ਟਰੀ ਡਿਊਟੀ ਨੂੰ ਮਿਥੇ ਸਮੇਂ ਦੇ ਅੰਦਰ ਪੂਰੀ ਲਗਨ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨੇਪਰੇ ਚਾੜ੍ਹਨ | ਇਸ ਦੌਰਾਨ ਤਹਿਸੀਲਦਾਰ ਮਨਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਅਬੋਹਰ ਦਿਹਾਤੀ ਖੇਤਰ ਵਿਚ ਜਨਗਣਨਾ ਦਾ ਕੰਮ ਪੂਰੀ ਤਰ੍ਹਾਂ ਸੁਚਾਰੂ, ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹੈੱਡ ਕੁਆਰਟਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਦੀ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਪਾਲਨਾ ਯਕੀਨੀ ਬਣਾਈ ਜਾਵੇਗੀ |