ਫ਼ਾਜ਼ਿਲਕਾ, 31 ਮਈ (ਅਮਰਜੀਤ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਦੀ ਨੌਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨਵਨਪ੍ਰੀਤ ਕੌਰ ਵਲੋਂ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਕਾਰੀ 'ਯੁਵਿਕਾ-2026' ਪ੍ਰੋਗਰਾਮ ਵਿਚ ਸਫਲਤਾਪੂਰਵਕ ਹਿੱਸਾ ਲੈ ਕੇ ਪਰਤਣ 'ਤੇ ਸਕੂਲ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਦਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੇ ਪਿ੍ੰਸੀਪਲ ਡਾ.ਨਵਜੀਤ ਕੌਰ ਸਰਾਂ ਸਟੇਟ ਅਵਾਰਡੀ ਨੇ ਦੱਸਿਆ ਕਿ 'ਯੁਵਿਕਾ' ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਵਿਗਿਆਨ ਅਤੇ ਟੈਕਨੌਲੋਜੀ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਭਰ ਵਿਚੋਂ ਲਗਭਗ 3 ਤੋਂ 4 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ ਸਿਰਫ਼ 350 ਵਿਦਿਆਰਥੀ ਚੁਣੇ ਗਏ | ਪੂਰੇ ਪੰਜਾਬ ਵਿਚੋਂ ਕੇਵਲ 10 ਵਿਦਿਆਰਥੀਆਂ ਦੀ ਚੋਣ ਹੋਈ, ਜਿਸ 'ਚੋਂ ਨਵਨਪ੍ਰੀਤ ਕੌਰ ਨੇ ਇਹ ਨਾਮਣਾ ਖੱਟ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਇਸ ਸਕੂਲ ਦੇ ਵਿਦਿਆਰਥੀ ਨੇ ਇਸ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿਚ ਥਾਂ ਬਣਾਈ ਹੈ, ਜੋ ਕਿ ਸਮੂਹ ਸਟਾਫ਼ ਦੀ ਅਣਥੱਕ ਮਿਹਨਤ ਦਾ ਸਬੂਤ ਹੈ | ਸਕੂਲ ਦੇ ਸਾਇੰਸ ਵਿਭਾਗ ਦੇ ਅਧਿਆਪਕਾਂ ਸ਼੍ਰੀਮਤੀ ਅਭਿਰੁਚੀ, ਸ਼੍ਰੀਮਤੀ ਮਨਵਿੰਦਰ ਕੌਰ ਅਤੇ ਸ਼੍ਰੀਮਤੀ ਮਨੀਸ਼ਾ ਕੰਵਰ ਨੇ ਦੱਸਿਆ ਕਿ ਨਵਨਪ੍ਰੀਤ ਕੌਰ ਨੇ 10 ਮਈ ਤੋਂ 22 ਮਈ ਤੱਕ ਜੋਧਪੁਰ ਸਥਿਤ ਇਸਰੋ ਦੇ ਸੈਂਟਰ ਵਿਖੇ ਆਯੋਜਿਤ ਕੈਂਪ ਵਿਚ ਹਿੱਸਾ ਲਿਆ | ਉੱਥੇ ਉਸ ਨੇ ਦੇਸ਼ ਦੇ ਪ੍ਰਸਿੱਧ ਪੁਲਾੜ ਵਿਗਿਆਨੀਆਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ 'ਹੈਂਡਸ-ਆਨ ਲਰਨਿੰਗ' ਦੇ ਤਜਰਬੇ ਰਾਹੀਂ ਪੁਲਾੜ ਵਿਗਿਆਨ ਦੀਆਂ ਬਾਰੀਕੀਆਂ ਨੂੰ ਸਮਝਿਆ | ਇਹ ਅਨੁਭਵ ਉਸ ਦੇ ਭਵਿੱਖ ਦੇ ਕੈਰੀਅਰ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ | ਇਸ ਸਫਲਤਾ ਵਿਚ ਭਾਰਤੀ ਏਅਰਟੈੱਲ ਫਾਊਾਡੇਸ਼ਨ ਅਤੇ ਅਕੈਡਮਿਕ ਮੈਂਟਰ ਪ੍ਰਦੀਪ ਕੁਮਾਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਗਾਈਡ ਅਤੇ ਪ੍ਰੇਰਿਤ ਕੀਤਾ | ਸਮਾਗਮ ਦੇ ਅਖੀਰ ਵਿਚ ਪਿ੍ੰਸੀਪਲ ਡਾ.ਨਵਜੀਤ ਕੌਰ ਨੇ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਸਾਇੰਸ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੇ ਬਾਕੀ ਬੱਚਿਆਂ ਨੂੰ ਵੀ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ |