ਬੱਲੂਆਣਾ, 20 ਜੂਨ (ਜਸਮੇਲ ਸਿੰਘ ਢਿੱਲੋਂ)-ਮੁੱਖ ਮੰਤਰੀ ਸਤਿਕਾਰ ਮਾਵਾਂ ਧੀਆਂ ਯੋਜਨਾ ਤਹਿਤ ਪਿੰਡ ਬੱਲੂਆਣਾ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਬੱਲੂਆਣਾ ਦੇ ਮੀਡੀਆ ਵਿੰਗ ਦੇ ਵਾਈਸ ਕੋਆਰਡੀਨੇਟਰ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਦੀ ਅਗਵਾਈ ਹੇਠ 1000 ਅਤੇ 1500 ਰੁਪਏ ਦੀ ਰਾਸ਼ੀ ਦੇ ਫਾਰਮ ਭਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਭਜਨ ਲਾਲ ਨੇ ਦੱਸਿਆ ਕਿ ਬੱਲੂਆਣਾ ਅਤੇ ਨਾਲ ਦੀਆਂ ਢਾਣੀਆਂ ਵਿਚ ਬੂਥ ਨੰਬਰ 66 ਤੋਂ ਲੈ ਕੇ 70 ਤੱਕ ਪੰਜ ਬੂਥ ਹਨ, ਜਿਨ੍ਹਾਂ ਵਿਚ ਆਂਗਣਵਾੜੀ ਵਰਕਰ ਅਤੇ ਸਖ਼ੀਆਂ ਦੀ ਮਦਦ ਨਾਲ ਫਾਰਮ ਭਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਭਜਨ ਲਾਲ ਬੱਲੂਆਣਾ ਨੇ ਇਹ ਵੀ ਦੱਸਿਆ ਕਿ ਸਿਰਫ਼ ਸਰਕਾਰੀ ਮੁਲਾਜ਼ਮ ਔਰਤਾਂ ਅਤੇ ਸਰਕਾਰ ਨੂੰ ਟੈਕਸ ਅਦਾ ਕਰਨ ਵਾਲੀਆਂ ਔਰਤਾਂ ਨੂੰ ਛੱਡ ਕੇ ਬਾਕੀ ਸਭ 18 ਸਾਲ ਤੋਂ ਉੱਪਰ ਦੀ ਉਮਰ ਦੀਆਂ ਜਿੰਨੀਆਂ ਵੀ ਔਰਤਾਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਜਿਨ੍ਹਾਂ ਦੀ ਵੋਟ ਬਣੀ ਹੋਈ ਹੈ, ਹਰ ਇਕ ਨੂੰ ਉਪਰੋਕਤ ਰਾਸ਼ੀ ਪਹਿਲੀ ਜੁਲਾਈ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੋਵੇਗਾ। ਸਰਪੰਚ ਸਾਹਿਬ ਨੇ ਇਹ ਵੀ ਦੱਸਿਆ ਕਿ ਜਿਸ ਨੇ ਵੀ ਰਜਿਸਟਰੇਸ਼ਨ ਕਰਾਉਣੀ ਹੈ ਉਹ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜ਼ਰੂਰ ਆਵੇ, ਸਖ਼ੀਆਂ ਕਿਸੇ ਸਰਕਾਰੀ ਜਗਾ ਤੋਂ ਇਲਾਵਾ ਡੋਰ ਟੂ ਡੋਰ ਵਿਜ਼ਟ ਕਰਕੇ ਫਾਰਮ ਭਰਨਗੀਆਂ। ਭਜਨ ਲਾਲ ਬੱਲੂਆਣਾ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਗੋਲਡੀ ਮੁਸਾਫਿਰ ਦਾ ਇਸ ਯੋਜਨਾ ਲਈ ਧੰਨਵਾਦ ਕੀਤਾ।