ਪਿਤਾ ਦੀਵੇ ਦੀ ਬੱਤੀ ਦੀ ਤਰ੍ਹਾਂ ਸਾਰੀ ਉਮਰ ਖ਼ੁਦ ਸੜ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ’ਚ ਭਰਦਾ ਹੈ ਰੌਸ਼ਨੀ
ਅਜੀਤ ਡੈਸਕ
21-06-2026
ਪਾਪਾ ਦੀ ਬਦੌਲਤ ਹੀ ਅਸੀਂ ਆਪਣੇ ਮੁਕਾਮ ਵਿਚ ਪਹੁੰਚਣ ‘ਚ ਸਫਲ ਹੋਵਾਂਗੀਆਂ-ਮਨਵੀਨ ਕੌਰ ’ਤੇ ਮਨਸੀਰਤ ਕੌਰ
-ਫ਼ਾਜ਼ਿਲਕਾ ਦੇ ਤਨੇਜਾ ਪਰਿਵਾਰ ਨਾਲ ਸਬੰਧਿਤ ਦਸਮੇਸ਼ ਫਾਈਨਾਂਸ ਦੇ ਮਾਲਕ ਬਲਜੀਤ ਸਿੰਘ ਦੀਆ ਇਕਲੌਤੀਆਂ ਬੇਟੀਆਂ ਮਨਵੀਨ ਕੌਰ ਜੋ ਕੇ ਚਿਤਕਾਰਾ ਯੂਨੀਵਰਸਿਟੀ ਵਿਖੇ ਏ.ਆਈ ਵਿਸ਼ੇ ਨਾਲ ਸਬੰਧਿਤ ਬੀ.ਟੈਕ ਦੀ ਵਿਦਿਆਰਥਣ ਹੈ ‘ਤੇ ਦੂਸਰੀ ਮਨਸੀਰਤ ਕੌਰ ਜੋ ਕੇ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਆਪਣੇ ਪਿਤਾ ਬਾਰੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਕਿ ਸਾਨੂੰ ਆਪਣਾ ਘਰ ਸਵਰਗ ਤੋਂ ਵੀ ਘੱਟ ਨਹੀਂ ਲੱਗਦਾ। ਉਨ੍ਹਾਂ ਦੇ ਪਾਪਾ ਬਚਪਨ ਤੋਂ ਹੀ ਵਿਸ਼ੇਸ਼ ਧਿਆਨ ਦਿੰਦੇ ਸਨ। ਜਿਸ ਦੀ ਬਦੌਲਤ ਅਸੀਂ ਹੁਣ ਪੜ੍ਹਾਈ ਦੇ ਖੇਤਰ ਵਿਚ ਪੁਰੀ ਲਗਨ ਨਾਲ ਆਪਣੇ ਮੁਕਾਮ ਵਿਚ ਪਹੁੰਚਣ ਲਈ ਲੱਗੀਆਂ ਹਾਂ। ਪਾਪਾ ਸਾਡੀ ਮੂੰਹ ਵਿਚੋਂ ਨਿਕਲੀ ਮੰਗ ਬੇਟਾ-ਬੇਟਾ ਕਹਿ ਕੇ ਪੁਰਾ ਕਰਦੇ ਹਨ। ਉਨ੍ਹਾਂ ਸਾਨੂੰ ਕਦੇ ਕਿਸੇ ਚੀਜ਼ ਸਬੰਧੀ ਨਾਂਹ ਨਹੀਂ ਕੀਤੀ। ਪੜਾਈ ਦੇ ਨਾਲ-ਨਾਲ ਛੁੱਟੀਆਂ ਦੌਰਾਨ ਸਾਨੂੰ ਵੱਖ-ਵੱਖ ਥਾਵਾਂ ‘ਤੇ ਲੈ ਕੇ ਜਾਂਦੇ ਹਨ। ਉਨ੍ਹਾਂ ਸਾਨੂੰ ਹੁਣ ਤੱਕ ਸਾਰੇ ਮੁੱਖ ਗੁਰੂ ਘਰਾਂ ਦੀ ਜਾਣਕਾਰੀ ਲਈ ਦਰਸ਼ਨ ਵੀ ਕਰਾ ਦਿੱਤੇ ਹਨ, ਜਿਸ ਨਾਲ ਸਾਨੂੰ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰਾਂ ਜਾਪਦਾ ਹੈ ਕਿ ਸਾਡੇ ਪਾਪਾ ਦੁਨੀਆ ਦੇ ਸਭ ਤੋਂ ਚੰਗੇ ਪਾਪਾ ਹਨ, ਮਨਵੀਨ ਕੌਰ ‘ਤੇ ਮਨਸੀਰਤ ਕੌਰ ਨੇ ਕਿਹਾ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਪਾਪਾ ਦੀ ਲੰਮੀ ਉਮਰ ਹੋਵੇ ਸਾਡੀ ਉਮਰ ਵੀ ਰੱਬ ਉਨ੍ਹਾਂ ਨੂੰ ਲਾ ਦੇਵੇ।
ਪਿਤਾ ਦੀ ਬਦੌਲਤ ਅਸੀਂ ਜਿਸ ਮੁਕਾਮ ‘ਤੇ ਪੁੱਜੇ ਹਾਂ ਸਾਡਾ ਰੋਮ-ਰੋਮ ਵੀ ਉਨ੍ਹਾਂ ਦਾ ਕਰਜ਼ ਨਹੀਂ ਉਤਾਰ ਸਕਦਾ-ਪਰਮਜੀਤ ਸਿੰਘ ਪਾਰਸ
ਦਸਮੇਸ਼ ਐਗਰੋ ਟੈੱਕ ਦੇ ਮਾਲਕ ਬਾਬਾ ਅਰਵਿੰਦਰ ਸਿੰਘ ਚੁੱਘ ਦੇ ਹੋਣਹਾਰ ਬੇਟੇ ਪਰਮਜੀਤ ਸਿੰਘ ਪਾਰਸ ਨੇ ਆਪਣੇ ਪਿਤਾ ਦੀ ਸ਼ਖ਼ਸੀਅਤ ਬਾਰੇ ਦੱਸਿਆ ਕਿ ਉਹ ਅੱਜ ਥਾਂ ‘ਤੇ ਪੁੱਜੇ ਹਨ ਉਸ ਪਿੱਛੇ ਉਨ੍ਹਾਂ ਦੇ ਪਿਤਾ ਦਾ ਮੁੱਖ ਅਸ਼ੀਰਵਾਦ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਨੇ ਭਾਰੀ ਮਿਹਨਤ ਕਰਕੇ ਪਰਿਵਾਰ ਦਾ ਪਾਲਨ ਪੋਸ਼ਣ ਕੀਤਾ ਅਸੀਂ ਉਸ ਦਾ ਕਰਜ਼ ਕਈ ਜਨਮ ਵੀ ਨਹੀਂ ਉਤਾਰ ਸਕਦੇ। ਉਸ ਨੇ ਕਿਹਾ ਕਿ ਬਚਪਨ ਅੰਦਰ ਗੁਰੂਘਰ ਦੇ ਲੜ ਲਗਾਉਣਾ ਸਾਡੇ ਪਿਤਾ ਦੀ ਅਹਿਮ ਭੂਮਿਕਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਚੰਗੀ ਸਿੱਖਿਆ ਦਿੱਤੀ, ਕਾਰੋਬਾਰ ਸ਼ੁਰੂ ਕਰਵਾਇਆ ਜੋ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਦਸਮੇਸ਼ ਐਗਰੋ ਟੈੱਕ ਦੇ ਨਾਮ ‘ਤੇ ਨਾਂਅ ਬਣਾ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸਵੇਰ ਤੋਂ ਲੈ ਕੇ ਰਾਤ ਤੱਕ ਸੜਕਾਂ ‘ਤੇ ਫਿਰਦੇ ਲੋੜਵੰਦਾਂ ਨੂੰ ਰੋਟੀ ਮੁਹੱਈਆ ਕਰਵਾਉਣੀ, ਬੇਜੁਬਾਨੇ ਪਸ਼ੂਆਂ ਲਈ ਚਾਰਾ, ਸੜਕਾਂ ‘ਤੇ ਗੰਦਗੀ ਚੁੱਕਦੇ ਬੱਚਿਆਂ ਨੂੰ ਖਾਣ ਲਈ ਚੰਗੀਆਂ ਚੀਜ਼ਾਂ, ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਵਿਚ ਲੱਗੇ ਰਹਿੰਦੇ ਹਨ। ਉਸ ਨੇ ਕਿਹਾ ਕਿ ਸਾਨੂੰ ਪਿਤਾ ਦੀ ਬਦੌਲਤ ਰਹਿਣ ਲਈ ਸ਼ਾਨਦਾਰ ਜੀਵਨ ਮਿਲਿਆ, ਪਰ ਮੇਰੇ ਪਿਤਾ ਜੀ ਸਾਧਾਰਨ ਪਹਿਰਾਵੇ ਵਿਚ ਰੱਬ ਦੇ ਭਾਣੇ ‘ਚ ਸਮਾਂ ਗੁਜ਼ਾਰਦੇ ਹਨ। ਉਸ ਨੇ ਕਿਹਾ ਕਿ ਅਸੀਂ ਸਵੇਰੇ ਉੱਠਦਿਆਂ ਹੀ ਜਿੱਥੇ ਆਪਣੇ ਪਿਤਾ ਤੋਂ ਆਸ਼ੀਰਵਾਦ ਲੈਂਦੇ ਹਾਂ ਉੱਥੇ ਹੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਾਂ ਕਿ ਹਰੇਕ ਬੱਚੇ, ਨੌਜਵਾਨ ਨੂੰ ਮੇਰੇ ਪਿਤਾ ਦੇ ਸੁਭਾਅ ਵਰਗਾ ਪਿਤਾ ਮਿਲੇ ਅਤੇ ਰੱਬ ਅੱਗੇ ਦੁਆ ਕਰਦੇ ਹਾਂ ਕਿ ਮੇਰੇ ਪਿਤਾ ਦੀ ਉਮਰ ਲੰਬੀ ਕਰੇ।
ਪਿਤਾ ਦੀਆਂ ਦੁਆਵਾਂ ਹੀ ਮੇਰੀ ਸਭ ਤੋਂ ਵੱਡੀ ਤਾਕਤ ਹਨ-ਉਭਰਦਾ ਗਾਇਕ ਨਿਸ਼ਚੇ ਅਰੋੜਾ
—ਜਲਾਲਾਬਾਦ ਵਾਸੀ ਅਤੇ ਉਭਰਦੇ ਗਾਇਕ ਨਿਸ਼ਚੇ ਦਾ ਆਪਣੇ ਪਿਤਾ ਅਨਿਲ ਨੀਲੂ ਅਰੋੜਾ ਲਈ ਕਹਿਣਾ ਹੈ ਕਿ ਉਹ ਇਕ ਉਘਾ ਗਾਇਕ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਹੋ ਰਹੀ ਮਿਹਨਤ ਵਿਚ ਮੇਰੇ ਪਿਤਾ ਵੀ ਮੇਰੇ ਨਾਲ ਪੂਰੀ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦੇ ਸਦਕਾ ਹੀ ਮੇਰੇ ਦੇ ਦੋ ਗਾਣੇ ‘ ਏਮਲੈਸ’ ਅਤੇ ‘ਬੋਰ’ ਯੂ ਟਿਊਬ ਤੇ ਜਾਰੀ ਹੋ ਚੁੱਕੇ ਹਨ। ਇਹ ਗਾਣੇ ਲਿਖਣ ਦੀ ਪ੍ਰੇਰਨਾ ਵੀ ਮੈਨੂੰ ਮੇਰੇ ਪਿਤਾ ਤੋਂ ਮਿਲੀ ਹੈ। ਪਿਤਾ ਜੀ ਦੀ ਚੁੱਪ ਵਿਚ ਵੀ ਮੇਰੇ ਲਈ ਹਜ਼ਾਰਾਂ ਦੁਆਵਾਂ ਅਤੇ ਫ਼ਿਕਰਾਂ ਲੁਕੀਆਂ ਹੁੰਦੀਆਂ ਹਨ। ਨਿਸ਼ਚੇ ਦਾ ਕਹਿਣਾ ਹੈ ਕਿ ਮੇਰੇ ਪਿਤਾ ਨੇ ਮੈਨੂੰ ਡਿੱਗ ਕੇ ਉਠਣਾ ਅਤੇ ਹਾਰ ਕੇ ਵੀ ਮੁਸਕਰਾਉਣਾ ਸਿਖਾਇਆ ਹੈ। ਮੇਰੀ ਜ਼ਿੰਦਗੀ ਦਾ ਹਰ ਚੰਗਾ ਫ਼ੈਸਲਾ ਕਿਤੇ ਨਾ ਕਿਤੇ ਪਿਤਾ ਜੀ ਦੀ ਸਿੱਖਿਆ ਦਾ ਨਤੀਜਾ ਹੈ। ਉਨ੍ਹਾਂ ਨੇ ਕਦੇ ਆਪਣੀਆਂ ਲੋੜਾਂ ਨੂੰ ਅਹਿਮੀਅਤ ਨਹੀਂ ਦਿੱਤੀ, ਸਗੋਂ ਸਾਡੇ ਸੁਪਨਿਆਂ ਨੂੰ ਪਹਿਲ ਦਿੱਤੀ। ਪਿਤਾ ਜੀ ਦੀ ਮਿਹਨਤ ਮੇਰੇ ਲਈ ਕਾਮਯਾਬੀ ਦਾ ਸਭ ਤੋਂ ਵੱਡਾ ਪਾਠ ਹੈ। ਜਦੋਂ ਸਾਰੀ ਦੁਨੀਆ ਸਾਥ ਛੱਡ ਦੇਵੇ, ਪਿਤਾ ਜੀ ਫਿਰ ਵੀ ਮੇਰੇ ਨਾਲ ਖੜ੍ਹੇ ਰਹਿੰਦੇ ਹਨ। ਉਨ੍ਹਾਂ ਦੀਆਂ ਦੁਆਵਾਂ ਮੇਰੇ ਹਰ ਸਫ਼ਰ ਦੀ ਸਭ ਤੋਂ ਵੱਡੀ ਤਾਕਤ ਹਨ। ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਹਾਂ ਕਿ ਉਨ੍ਹਾਂ ਦੇ ਨਾਮ ਨੂੰ ਮਾਣ ਦਿਵਾ ਸਕਾਂ। ਮੇਰੇ ਲਈ ਪਿਤਾ ਜੀ ਸਿਰਫ਼ ਇੱਕ ਰਿਸ਼ਤਾ ਨਹੀਂ, ਸਗੋਂ ਮੇਰੀ ਪੂਰੀ ਦੁਨੀਆ ਹਨ।
ਮੈਂ ਆਪਣੇ ਪਿਤਾ ਦੇ ਖੰਭਾਂ ਦੇ ਨਾਲ ਉਡਣਾ ਸਿੱਖਿਆ ਅਤੇ ਸੀ.ਏ ਬਣੀ-ਨੰਦਣੀ ਕਾਲੜਾ
ਨੰਦਣੀ ਕਾਲੜਾ ਵਾਸੀ ਜਲਾਲਾਬਾਦ ਜੋ ਕਿ ਆਪਣੇ ਪਹਿਲੇ ਪਰਿਆਸ ਵਿਚ ਹੀ ਸੀ ਏ ਬਣੀ ਹੈ, ਨੇ ਆਪਣੇ ਪਿਤਾ ਰਾਜੇਸ਼ ਕਾਲੜਾ ਦਾ ਹਰ ਕਦਮ ਤੇ ਸਾਥ ਦੇਣ ਤੇ ਧੰਨਵਾਦ ਕਰਦੇ ਹੋਏ ਆਪਣੇ ਪਿਤਾ ਬਾਰੇ ਕਹਿਣਾ ਹੈ ਕਿ ਉਸ ਦੇ ਪਿਤਾ ਜੀ ਮੇਰੀ ਜ਼ਿੰਦਗੀ ਦੀ ਉਹ ਨੀਂਹ ਹਨ, ਜਿਸ ਉਤੇ ਮੇਰੇ ਸਾਰੇ ਸੁਪਨੇ ਖੜ੍ਹੇ ਹਨ। ਉਨ੍ਹਾਂ ਨੇ ਕਦੇ ਆਪਣੀਆਂ ਤਕਲੀਫ਼ਾਂ ਦਾ ਜ਼ਿਕਰ ਨਹੀਂ ਕੀਤਾ, ਪਰ ਸਾਡੀਆਂ ਹਰ ਮੁਸ਼ਕਲਾਂ ਨੂੰ ਆਪਣਾ ਸਮਝਿਆ।ਮੇਰੇ ਲਈ ਪਿਤਾ ਜੀ ਦਾ ਵਿਸ਼ਵਾਸ ਸਭ ਤੋਂ ਵੱਡਾ ਹੌਸਲਾ ਹੈ, ਜਿਸ ਨੇ ਮੈਨੂੰ ਸੀ ਏ ਬਣਾਇਆ ਹੈ। ਉਨ੍ਹਾਂ ਦੀ ਮਿਹਨਤ ਦੀ ਕਮਾਈ ਵਿਚ ਸਾਡੇ ਭਵਿੱਖ ਦੀਆਂ ਉਮੀਦਾਂ ਵੱਸਦੀਆਂ ਹਨ। ਪਿਤਾ ਜੀ ਨੇ ਮੈਨੂੰ ਸਿਖਾਇਆ ਕਿ ਇਨਸਾਨ ਦੀ ਅਸਲ ਪਹਿਚਾਣ ਉਸ ਦੇ ਚਰਿੱਤਰ ਨਾਲ ਹੁੰਦੀ ਹੈ। ਉਨ੍ਹਾਂ ਦੇ ਸੰਘਰਸ਼ ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ। ਜਦੋਂ ਵੀ ਮੈਂ ਥੱਕ ਜਾਂਦੀ ਸੀ, ਪਿਤਾ ਜੀ ਦੇ ਸ਼ਬਦ ਮੈਨੂੰ ਨਵੀਂ ਤਾਕਤ ਦਿੰਦੇ ਸਨ। ਪਿਤਾ ਜੀ ਦੇ ਪਿਆਰ ਅਤੇ ਕੁਰਬਾਨੀਆਂ ਦਾ ਕਰਜ਼ਾ ਮੈਂ ਕਦੇ ਨਹੀਂ ਉਤਾਰ ਸਕਦੀ। ਪਿਤਾ ਜੀ ਉਹ ਕਿਤਾਬ ਹਨ, ਜਿਸ ਦੇ ਹਰ ਸਫ਼ੇ ਤੋਂ ਮੈਨੂੰ ਜ਼ਿੰਦਗੀ ਦਾ ਨਵਾਂ ਸਬਕ ਮਿਲਦਾ ਹੈ। ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਪਿੱਛੇ ਰੱਖ ਕੇ ਮੇਰੇ ਸੁਪਨਿਆਂ ਨੂੰ ਪਰਵਾਜ਼ ਦਿੱਤੀ। ਮੇਰੀ ਹਰ ਖ਼ੁਸ਼ੀ ਦੇ ਪਿੱਛੇ ਪਿਤਾ ਜੀ ਦੀ ਮਿਹਨਤ ਅਤੇ ਕੁਰਬਾਨੀ ਲੁਕੀ ਹੋਈ ਹੈ।
ਜੇਕਰ ਤੁਹਾਡਾ ਪਿਤਾ ਹੀ ਤੁਹਾਡਾ ਗੁਰੂ ਵੀ ਹੋਵੇ ਤਾਂ ਇਸ ਤੋਂ ਵੱਡੀ ਕੋਈ ਬਖ਼ਸ਼ੀਸ਼ ਨਹੀਂ-ਜਸਕੀਰਤ ਸਿੰਘ
ਉਭਰਦੇ ਗਾਇਕ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ‘ਆਵਾਜ਼ ਅੰਮ੍ਰਿਤਸਰ ਦੀ’ ਵਿਚ ਪਹਿਲੇ ਸਥਾਨ ਤੇ ਰਹੇ, ‘ਵਾਇਸ ਪੰਜਾਬ ਦੀ’ ਵਿਚ ਪਹਿਲੇ ਅੱਠ ਸਥਾਨਾਂ ਵਿਚ ਪਹੁੰਚੇ ਅਤੇ ਹੋਰ ਕਈ ਪ੍ਰਤੀਯੋਗਤਾਵਾਂ ਜਿੱਤ ਚੁੱਕੇ ਜਸਕੀਰਤ ਸਿੰਘ ਦਾ ਆਪਣੇ ਪਿਤਾ ਅਤੇ ਸੰਗੀਤਕ ਗੁਰੂ ਪਰਵਿੰਦਰ ਸਿੰਘ ਸੋਨੂੰ ਬਾਰੇ ਕਹਿਣਾ ਹੈ ਕਿ ਮੇਰੇ ਪਿਤਾ ਮੇਰੇ ਗੁਰੂ ਵੀ ਹਨ। ਆਪਣੇ ਸੰਗੀਤਕ ਸਫ਼ਰ ਦਾ ਸਾ ਰੇ ਗਾ ਮੈਂ ਆਪਣੇ ਪਿਤਾ ਜੀ ਤੋਂ ਹੀ ਸ਼ੁਰੂ ਕੀਤਾ ਹੈ। ਉਨ੍ਹਾਂ ਵਲ਼ੋਂ ਕਰਵਾਈ ਮਿਹਨਤ ਤੇ ਪ੍ਰੇਰਨਾ ਸਦਕਾ ਹੀ ਉਹ ਅੱਜ ਤੱਕ ਕਈ ਇਨਾਮ ਜਿੱਤ ਚੁੱਕੇ ਹਨ। ਜਸਕੀਰਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਮੈਂ ਹਰ ਚੁਨੌਤੀ ਦਾ ਸਾਹਮਣਾ ਕਰਨ ਦੀ ਹਿੰਮਤ ਪਾਉਂਦਾ ਹਾਂ। ਪਿਤਾ ਜੀ ਦਾ ਸਿਰ ‘ਤੇ ਰੱਖਿਆ ਹੱਥ ਮੈਨੂੰ ਹਰ ਡਰ ਤੋਂ ਮੁਕਤ ਕਰ ਦਿੰਦਾ ਹੈ।ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਚੰਗਾ ਇਨਸਾਨ ਬਣਨਾ ਹਰ ਵੱਡੀ ਕਾਮਯਾਬੀ ਤੋਂ ਵੱਧ ਮਹੱਤਵਪੂਰਨ ਹੈ। ਪਿਤਾ ਜੀ ਦਾ ਨਾਮ ਮੇਰੇ ਲਈ ਮਾਣ, ਸਤਿਕਾਰ ਅਤੇ ਪਹਿਚਾਣ ਦਾ ਪ੍ਰਤੀਕ ਹੈ। ਉਨ੍ਹਾਂ ਦੀ ਸਾਦਗੀ ਅਤੇ ਇਮਾਨਦਾਰੀ ਮੇਰੇ ਜੀਵਨ ਦੇ ਸਭ ਤੋਂ ਵੱਡੇ ਆਦਰਸ਼ ਹਨ। ਮੈਂ ਭਾਵੇਂ ਕਿੰਨਾ ਵੀ ਵੱਡਾ ਹੋ ਜਾਵਾਂ, ਪਿਤਾ ਜੀ ਲਈ ਹਮੇਸ਼ਾ ਉਹੀ ਛੋਟਾ ਬੱਚਾ ਰਹਾਂਗਾ। ਫਾਦਰ ਡੇ ‘ਤੇ ਮੈਂ ਆਪਣੇ ਪਿਤਾ ਜੀ ਨੂੰ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਨਸਾਨੀਅਤ, ਪਿਆਰ ਅਤੇ ਸੰਸਕਾਰਾਂ ਦੀ ਦੌਲਤ ਦਿੱਤੀ। ਮੈਂ ਆਪਣੇ ਅਤੇ ਆਪਣੇ ਪਿਤਾ ਦੇ ਉਘੇ ਸੰਗੀਤਕਾਰ ਬਣਨ ਦੇ ਸੁਪਨੇ ਨੂੰ ਪੁਰਾ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਦਾ ਰਹਾਂਗਾ।
ਮੇਰਾ ਸੁਪਨਾ ਪੂਰਾ ਕਰਨ ਲਈ ਮੇਰੇ ਨਾਲ ਮੇਰੇ ਪਿਤਾ ਦੀ ਮਿਹਨਤ ਵੀ ਸ਼ਾਮਲ ਹੈ-ਡਾ.ਸਿਮਰਨਪ੍ਰੀਤ ਕੌਰ ਮਦਾਨ
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਦੀ ਐੱਮ.ਡੀ (ਮੈਡੀਸਨ) ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਮਦਾਨ ਦਾ ਆਪਣੇ ਪਿਤਾ ਲੈਕਚਰਾਰ ਕਾਮਰਸ ਅਮਰੀਕ ਸਿੰਘ ਮਦਾਨ ਬਾਰੇ ਕਹਿਣਾ ਹੈ ਕਿ ਮੇਰੇ ਪਿਤਾ ਮੇਰੇ ਮਾਰਗ ਦਰਸ਼ਕ ਹਨ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਐੱਮ ਡੀ (ਮੈਡੀਸਨ) ਕਰ ਰਹੀ ਹਾਂ। ਪਿਤਾ ਜੀ ਉਹ ਤਾਕਤ ਹਨ ਜੋ ਹਰ ਤੂਫ਼ਾਨ ਵਿਚ ਮੇਰੇ ਲਈ ਢਾਲ ਬਣ ਕੇ ਖੜ੍ਹੇ ਰਹਿੰਦੇ ਹਨ। ਉਨ੍ਹਾਂ ਦੇ ਕਦਮਾਂ ਦੇ ਨਿਸ਼ਾਨ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਹਨ। ਮੈਂ ਜਦੋਂ ਵੀ ਸਫਲ ਹੁੰਦੀ ਹਾਂ, ਸਭ ਤੋਂ ਪਹਿਲਾਂ ਪਿਤਾ ਜੀ ਦਾ ਚਿਹਰਾ ਯਾਦ ਆਉਂਦਾ ਹੈ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਇੱਜ਼ਤ ਕਮਾਈ ਜਾਂਦੀ ਹੈ, ਮੰਗੀ ਨਹੀਂ ਜਾਂਦੀ। ਉਨ੍ਹਾਂ ਦੀਆਂ ਅੱਖਾਂ ਵਿਚ ਮੇਰੇ ਲਈ ਹਮੇਸ਼ਾ ਮਾਣ ਅਤੇ ਉਮੀਦ ਦਿਖਾਈ ਦਿੰਦੀ ਹੈ। ਮੇਰੀ ਹਰ ਜਿੱਤ ਦਾ ਅਸਲ ਹੱਕਦਾਰ ਮੇਰੇ ਪਿਤਾ ਜੀ ਹਨ।ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਮੁਸ਼ਕਲਾਂ ਤੋਂ ਡਰਨਾ ਨਹੀਂ, ਸਗੋਂ ਉਨ੍ਹਾਂ ਦਾ ਸਾਹਮਣਾ ਕਰਨਾ ਹੈ। ਪਿਤਾ ਜੀ ਦਾ ਆਸ਼ੀਰਵਾਦ ਮੇਰੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਮੈਂ ਹਮੇਸ਼ਾ ਮਾਣ ਨਾਲ ਕਹਾਂਗੀ ਕਿ ਮੇਰੇ ਪਿਤਾ ਜੀ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਹਨ।
ਮੇਰੇ ਪਿਤਾ ਮੇਰੇ ਲਈ ਤਾਕਤ , ਹਿੰਮਤ ਅਤੇ ਪ੍ਰੇਰਨਾ ਦੇ ਸਰੋਤ ਹਨ-ਲੈਕਚਰਾਰ ਅਸ਼ਪਿੰਦਰ ਕੌਰ
-ਗਿਆਨੀ ਗੁਰਬਖ਼ਸ਼ ਸਿੰਘ ਡੀ ਏ ਵੀ ਕਾਲਜ ਜਲਾਲਾਬਾਦ ਵਿਖੇ ਬਤੌਰ ਕਾਮਰਸ ਲੈਕਚਰਾਰ ਕੰਮ ਕਰ ਰਹੇ ਅਤੇ ਯੂ ਜੀ ਸੀ ( ਜੂਨੀਅਰ ਪ੍ਰੋਫੈਸਰ) ਦਾ ਟੈਸਟ ਪਾ ਕਰ ਚੁੱਕੇ ਅਤੇ ਆਪਣੀ ਪੜਾਈ ਦੌਰਾਨ ਹਮੇਸ਼ਾ ਕਾਲਜ ਵਿਚੋਂ ਅੱਵਲ ਰਹਿਣ ਵਾਲੀ ਅਸ਼ਪਿੰਦਰ ਕੌਰ ਧਵਨ ਦਾ ਆਪਣੇ ਪਿਤਾ ਉਪਿੰਦਰ ਸਿੰਘ ਉਜਲ ਧਵਨ ਬਾਰੇ ਕਹਿਣਾ ਹੈ ਕਿ ਮੇਰੇ ਪਿਤਾ ਜੀ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਹੀਰੋ ਹਨ। ਉਨ੍ਹਾਂ ਨੇ ਹਰ ਕਦਮ ‘ਤੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਸਹੀ ਰਾਹ ਦਿਖਾਇਆ। ਉਨ੍ਹਾਂ ਦੀ ਮਿਹਨਤ ਅਤੇ ਕੁਰਬਾਨੀਆਂ ਕਰਕੇ ਹੀ ਮੈਂ ਅੱਜ ਇੱਥੇ ਹਾਂ। ਮੇਰੀ ਜ਼ਿੰਦਗੀ ਦੀ ਹਰ ਉਪਲਬਧੀ ਵਿਚ ਪਿਤਾ ਜੀ ਦੀ ਮਿਹਨਤ ਅਤੇ ਦੁਆਵਾਂ ਸ਼ਾਮਲ ਹਨ। ਉਨ੍ਹਾਂ ਨੇ ਮੈਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਮਿਹਨਤ ਦੀ ਮਹੱਤਤਾ ਸਿਖਾਈ। ਉਨ੍ਹਾਂ ਦਾ ਪਿਆਰ ਸ਼ਬਦਾਂ ਨਾਲ ਨਹੀਂ, ਸਗੋਂ ਉਨ੍ਹਾਂ ਦੇ ਕਰਮਾਂ ਨਾਲ ਦਿਖਾਈ ਦਿੰਦਾ ਹੈ। ਮੇਰੀ ਹਰ ਸਫਲਤਾ ਵਿਚ ਪਿਤਾ ਜੀ ਦਾ ਵੱਡਾ ਯੋਗਦਾਨ ਹੈ। ਉਹ ਮੇਰੇ ਲਈ ਤਾਕਤ, ਹਿੰਮਤ ਅਤੇ ਪ੍ਰੇਰਨਾ ਦਾ ਸਰੋਤ ਹਨ। ਮੇਰੇ ਪਿਤਾ ਜੀ ਪਰਿਵਾਰ ਦੀ ਮਜ਼ਬੂਤ ਨੀਂਹ ਅਤੇ ਸਹਾਰਾ ਹਨ, ਜਿਨ੍ਹਾਂ ਕਰਕੇ ਅਸੀਂ ਅਸਮਾਨ ਵਿਚ ਉਡਦੇ ਹਾਂ।
ਸਾਨੂੰ ਦੁਨੀਆ ਨੂੰ ਦੇਖਣ, ਜਾਣਨ ਤੇ ਵਿਚਰਨ ਦਾ ਢੰਗ ਅਸੀਂ ਆਪਣੇ ਪਿਤਾ ਤੋਂ ਸਿੱਖ ਰਹੇ ਹਾਂ-ਜੰਨਤਜੋਤ ਕੌਰ, ਨਿਮਰਤ ਕੌਰ
ਜਲਾਲਾਬਾਦ ਹਲਕੇ ਦੇ ਪਿੰਡ ਬੁੱਧੋ ਕੇ ਦੀ ਵਾਸੀ ਅਤੇ ਦਸਵੀਂ ਵਿਚ ਸੀ ਬੀ ਐੱਸ ਈ ਪ੍ਰੀਖਿਆ ਵਿਚ 99.4% ਅੰਕ ਲੈਣ ਵਾਲੀ ਅਤੇ ਹੁਣ ਗਿਆਰ੍ਹਵੀਂ ਜਮਾਤ ਵਿਚ ਪੜ੍ਹ ਰਹੀ ਜੰਨਤਜੋਤ ਕੌਰ ਅਤੇ ਉਸ ਦੀ ਭੈਣ ਨੌਵੀਂ ਕਲਾਸ ਵਿਚ ਪੜ੍ਹ ਰਹੀ ਨਿਮਰਤ ਕੌਰ ਦਾ ਆਪਣੇ ਪਿਤਾ ਸੀ ਐੱਚ ਟੀ ਗੁਰਦਿੱਤ ਸਿੰਘ ਬਾਰੇ ਕਹਿਣਾ ਹੈ ਕਿ ਪਿਤਾ ਆਪਣੀ ਧੀ ਦੇ ਜੀਵਨ ਵਿਚ ਸਭ ਤੋਂ ਵੱਡਾ ਸਹਾਰਾ, ਸੁਰੱਖਿਆ, ਆਤਮਵਿਸ਼ਵਾਸ ਅਤੇ ਸ਼ਖ਼ਸੀਅਤ ਵਿਕਾਸ ਦਾ ਸਰੋਤ ਹੈ। ਜਿਸ ਧੀ ਨੂੰ ਪਿਤਾ ਦਾ ਪਿਆਰ ਅਤੇ ਸਮਾਂ ਮਿਲਦਾ ਹੈ, ਉਹ ਆਤਮਨਿਰਭਰ, ਭਾਵੁਕਤਾ ਨਾਲ ਮਜ਼ਬੂਤ ਅਤੇ ਵਿਹਾਰਕ ਜੀਵਨ ਬਿਤਾਉਂਦੀ ਹੈ।“ ਪਿਤਾ ਜੀ ਮੇਰੇ ਜੀਵਨ ਦਾ ਉਹ ਦਰਖ਼ਤ ਹਨ, ਜਿਸ ਦੀ ਛਾਂ ਹਮੇਸ਼ਾ ਮੈਨੂੰ ਸੁਰੱਖਿਆ ਦਿੰਦੀ ਹੈ। ਉਨ੍ਹਾਂ ਦੇ ਸੰਸਕਾਰ ਮੇਰੀ ਸਭ ਤੋਂ ਵੱਡੀ ਦੌਲਤ ਹਨ।ਉਨ੍ਹਾਂ ਦੇ ਮੋਢਿਆਂ ‘ਤੇ ਬੈਠ ਕੇ ਹੀ ਅਸੀਂ ਦੁਨੀਆ ਨੂੰ ਦੇਖਣਾ ਸਿੱਖ ਰਹੀ ਹਾਂ। ਉਹ ਸਾਡੇ ਲਈ ਸਿਰਫ਼ ਪਿਤਾ ਹੀ ਨਹੀਂ, ਸਗੋਂ ਇੱਕ ਸੱਚੇ ਦੋਸਤ ਅਤੇ ਮਾਰਗ ਦਰਸ਼ਕ ਵੀ ਹਨ। ਸਾਡੇ ਪਾਪਾ ਦਾ ਜਿਹੜਾ ਗੁਣ ਸਾਨੂੰ ਸਭ ਤੋਂ ਵੱਧ ਪਸੰਦ ਹੈ ਉਹ ਇਹ ਹੈ ਕਿ ਉਹ ਸਾਨੂੰ ਹੋਰ ਸਭ ਕੁੱਝ ਦੇ ਨਾਲ, ਆਪਣਾ ਕੀਮਤੀ ਸਮਾਂ ਦਿੰਦੇ ਹਨ। ਹਰ ਰਾਤ ਨੂੰ ਖਾਣੇ ਤੋਂ ਬਾਅਦ ਉਹ ਸਾਡੇ ਨਾਲ ਪੂਰੇ ਦਿਨ ਦੀਆਂ ਗੱਲਾਂ ਕਰਦੇ ਹਨ ਅਤੇ ਸਾਡੇ ਵਿਚਾਰ ਸੁਣਨ ਤੋਂ ਬਾਅਦ ਆਪਣੇ ਵਿਚਾਰ ਰੱਖਦੇ ਹਨ। ਉਨ੍ਹਾਂ ਦੇ ਵਿਚਾਰਾਂ ਵਿਚ ਬਹੁਤ ਕੁੱਝ ਨਵਾਂ ਅਤੇ ਕਮਾਲ ਹੁੰਦਾ ਹੈ ਜਿਸ ਨਾਲ ਸਾਡਾ ਦੁਨੀਆ ਨੂੰ ਵੇਖਣ ਦਾ ਇੱਕ ਨਜ਼ਰੀਆ ਬਣਦਾ ਹੈ। ਉਹ ਆਪਣੇ ਬਚਪਨ ਅਤੇ ਜਵਾਨੀ ਵੇਲੇ ਦੀਆਂ ਘਟਨਾਵਾਂ ਅਤੇ ਰੀਤੀ ਰਿਵਾਜ਼ਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਅੱਜ ਨਾਲ ਮੁਕਾਬਲਾ ਕਰਕੇ ਦੱਸਦੇ ਹਨ ਕਿ ਜਿਵੇਂ ਪਿਛਲੇ ਸਮੇਂ ਵਿਚ ਇੰਨੀ ਜ਼ਿਆਦਾ ਤਬਦੀਲੀ ਹੋਈ ਹੈ, ਉਸੇ ਤਰ੍ਹਾਂ ਅਗਲੇ ਸਮੇਂ ਵਿਚ ਇਸ ਤੋਂ ਵੀ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਹਨ ਅਤੇ ਸਾਨੂੰ ਉਨ੍ਹਾਂ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਕਿੰਨਾ ਜ਼ਰੂਰੀ ਹੈ।
ਪਿਤਾ ਸਾਡੀ ਤਾਕਤ ਅਤੇ ਸਾਡੇ ਪ੍ਰੇਰਨਾ ਸਰੋਤ-ਅਰਿੰਦਮ, ਆਯਾਂਸ਼ ਗਾਬਾ
ਪਿਤਾ ਦਿਵਸ ਮੌਕੇ ਜਲਾਲਾਬਾਦ ਦੇ ਰਹਿਣ ਵਾਲੇ ਅਰਿੰਦਮ ਗਾਬਾ ਅਤੇ ਆਯਾਂਸ਼ ਗਾਬਾ ਨੇ ਆਪਣੇ ਪਿਤਾ ਨੂੰ ਇਸ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਮਾਪਿਆਂ ਤੋਂ ਬਿਨਾਂ ਵੈਸੇ ਕੋਈ ਦਿਨ ਨਹੀਂ ਹੁੰਦਾ, ਮਾਪਿਆਂ ਨਾਲ ਹੀ ਹਰ ਦਿਨ ਹੁੰਦਾ ਹੈ, ਪਰ ਫਿਰ ਵੀ ਇਸ ਦਿਨ ਦੀ ਉਨ੍ਹਾਂ ਲਈ ਬਹੁਤ ਵੱਡੀ ਮਹੱਤਤਾ ਹੈ। ਆਪਣੇ ਪਿਤਾ ਬਾਰੇ ਬੋਲਦਿਆਂ ਅਰਿੰਦਮ ਗਾਬਾ ਅਤੇ ਆਯਾਂਸ਼ ਗਾਬਾ ਨੇ ਕਿਹਾ ਕਿ ਸਾਡੇ ਪਿਤਾ ਸਾਡੇ ਜੀਵਨ ਦੀ ਸਭ ਤੋਂ ਵੱਡੀ ਤਾਕਤ, ਪੇ੍ਰਰਨਾ ਅਤੇ ਹੌਸਲਾ ਹਨ। ਉਨ੍ਹਾਂ ਨੇ ਸਾਨੂੰ ਸਿਖਾਇਆ ਹੈ ਕਿ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਜਦੋਂ ਵੀ ਜ਼ਿੰਦਗੀ ਵਿਚ ਮੁਸ਼ਕਲਾਂ ਆਈਆਂ, ਪਿਤਾ ਜੀ ਦੇ ਸ਼ਬਦਾਂ ਅਤੇ ਮਾਰਗਦਰਸ਼ਨ ਨੇ ਸਾਨੂੰ ਅੱਗੇ ਵਧਣ ਦੀ ਤਾਕਤ ਦਿੱਤੀ। ਉਹ ਸਾਨੂੰ ਹਮੇਸ਼ਾ ਇਹ ਸਿੱਖਿਆ ਦਿੰਦੇ ਹਨ ਕਿ ਹਾਰ ਤੋਂ ਕਦੇ ਘਬਰਾਉਣਾ ਨਹੀਂ, ਸਗੋਂ ਉਸ ਤੋਂ ਸਿੱਖ ਕੇ ਹੋਰ ਮਜ਼ਬੂਤੀ ਨਾਲ ਅੱਗੇ ਵਧਣਾ ਹੈ। ਸਾਡੀ ਹਰ ਸਫਲਤਾ ਦੇ ਪਿੱਛੇ ਉਨ੍ਹਾਂ ਦਾ ਪਿਆਰ, ਤਿਆਗ ਅਤੇ ਅਥੱਕ ਮਿਹਨਤ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਿਤਾ ਹਮੇਸ਼ਾ ਤੰਦਰੁਸਤ, ਖ਼ੁਸ਼ ਅਤੇ ਚੜ੍ਹਦੀ ਕਲਾ ਵਿਚ ਰਹਿਣ।
ਪਿਤਾ ਜਿੱਥੇ ਸੰਸਾਰ ‘ਚ ਲਿਆਉਂਦਾ ਹੈ, ਨਾਲ ਹੀ ਸੰਸਾਰ ‘ਚ ਵਿਚਰਨ ਲਈ ਹੁੰਦਾ ਹੈ ਪਹਿਲਾ ਗੁਰੂ : ਅਸ਼ੀਸ਼ ਗੂੰਬਰ
-ਖ਼ੁਦ ਨੂੰ ਮੀਂਹ, ਹਨੇਰੀ, ਝੱਖੜ, ਧੁੱਪ, ਛਾਂ, ਬਰਸਾਤਾਂ ਧੁੰਦਾਂ ਵਿਚ ਕਸ਼ਟ ਦੇ ਕੇ ਜੋ ਸਾਨੂੰ ਆਪਣੀ ਹੈਸੀਅਤ ਤੋਂ ਵੱਧ ਸੁੱਖ ਸੁਵਿਧਾਵਾਂ, ਜ਼ਿੰਦਗੀ ਦੀ ਹਰ ਇਕ ਰੀਝ ਪੂਰੀ ਕਰਦਾ ਹੈ, ਉਹ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹੋ ਸਕਦਾ। ਮੇਰੇ ਪਿਤਾ ਮੇਰੇ ਲਈ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਉਦਯੋਗਪਤੀ ਅਸ਼ੀਸ਼ ਗੂੰਬਰ ਨੇ ਆਪਣੇ ਪਿਤਾ ਕਪਿਲ ਗੂੰਬਰ ਨੂੰ ਪਿਤਾ ਦਿਵਸ ‘ਤੇ ਵਧਾਈਆਂ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਤਾ ਉਹ ਦਰਖ਼ਤ ਹੁੰਦਾ ਹੈ ਜੋ ਖ਼ੁਦ, ਧੁੱਪਾਂ, ਹਨੇਰੀਆਂ, ਠੰਢੀਆਂ ਰਾਤਾਂ ਪਿੰਡੇ ‘ਤੇ ਸਹਿ ਕੇ ਸਾਨੂੰ ਛਾਂ ਅਤੇ ਸੁੱਖ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਜਿੱਥੇ ਮੈਨੂੰ ਸੰਸਾਰ ਦਿਖਾਇਆ, ਉੱਥੇ ਹੀ ਮੈਨੂੰ ਇਸ ਸੰਸਾਰ ਵਿਚ ਵਿਚਰਨ ਲਈ ਉਹ ਮੇਰੇ ਪਹਿਲੇ ਗੁਰੂ ਹਨ, ਉਂਗਲ ਫੜ੍ਹ ਕੇ ਚੱਲਣ ਤੋਂ ਲੈ ਕੇ ਬਿਜ਼ਨਸ ਦੀਆਂ ਇਕੱਲੀ ਇਕੱਲੀ ਬਰੀਕੀ ਸਿਖਾਉਣ ਵਾਲੇ ਮੇਰੇ ਪਿਤਾ ਮੇਰੇ ਗੁਰੂ ਹਨ। ਇਸ ਅੱਜ ਦੇ ਪਵਿੱਤਰ ਦਿਹਾੜੇ ‘ਤੇ ਮੈ ਉਨ੍ਹਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ, ਉੱਥੇ ਹੀ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।
ਪਿਤਾ ਦੀ ਸੇਧ ਨਾਲ ਹੀ ਬੱਚਿਆਂ ਦਾ ਜੀਵਨ ਸਫਲ ਹੁੰਦਾ ਹੈ-ਸਿਮਰਜੀਤ ਸਿੰਘ
ਉਪ ਮੰਡਲ ਦੇ ਪਿੰਡ ਦਾਨੇਵਾਲਾ ਦੇ ਵਸਨੀਕ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਦੇ ਸਪੁੱਤਰ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਪਿਤਾ ਦੀ ਸੇਧ ਨਾਲ ਹੀ ਬੱਚਿਆਂ ਦਾ ਜੀਵਨ ਸਫਲ ਹੁੰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਹਰ ਇਕ ਪਿਤਾ ਦੀ ਸੋਚ ਹੁੰਦੀ ਹੈ ਕਿ ਉਸ ਦਾ ਬੱਚਾ ਪੜ੍ਹ ਲਿਖ ਕੇ ਚੰਗਾ ਅਤੇ ਸਫਲ ਇਨਸਾਨ ਬਣੇ। ਸਾਡੇ ਪਿਤਾ ਜੀ ਨੇ ਵੀ ਸਾਨੂੰ ਚੰਗੀ ਵਿੱਦਿਆ ਹਾਸਲ ਕਰਵਾਈ ਹੈ। ਅੱਜ ਅਸੀਂ ਵੀ ਪਿਤਾ ਵਲੋਂ ਦਿੱਤੀ ਚੰਗੀ ਸੇਧ ਸਦਕਾ ਘਰ ਨੂੰ ਤਰੱਕੀ ਦੀਆਂ ਲੀਹਾਂ ‘ਤੇ ਪਹੁੰਚਾ ਕੇ ਸਫਲਤਾ ਦੇ ਝੰਡੇ ਗੱਡੇ ਹਨ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਪਿਤਾ ਵਲੋਂ ਦਿੱਤੇ ਚੰਗੇ ਸੰਸਕਾਰਾਂ ਸਦਕਾ ਹੀ ਅਸੀਂ ਸਫਲ ਇਨਸਾਨ ਬਣੇ ਹਾਂ ਉਨ੍ਹਾਂ ਦੀ ਸੇਵਾ ਕਰੀਏ।
ਹਰ ਪਿਤਾ ਆਪਣੇ ਬੱਚਿਆਂ ਬਾਰੇ ਚੰਗਾ ਹੀ ਸੋਚਦਾ ਹੈ-ਮਿਹਰਬਾਨ ਸਿੰਘ
ਉਪ ਮੰਡਲ ਦੇ ਪਿੰਡ ਕੁੰਡਲ ਦੇ ਵਸਨੀਕ ਤੇਜਪਾਲ ਸਿੰਘ ਦੇ ਸਪੁੱਤਰ ਮਿਹਰਬਾਨ ਸਿੰਘ ਦਾ ਕਹਿਣਾ ਹੈ ਕਿ ਹਰ ਇਕ ਪਿਤਾ ਆਪਣੇ ਬੱਚਿਆਂ ਬਾਰੇ ਹਮੇਸ਼ਾ ਚੰਗਾ ਹੀ ਸੋਚਦਾ ਹੈ। ਜੰਨਤ ਤੋਂ ਬਾਅਦ ਜਵਾਨ ਹੋਣ ਤੱਕ ਪਿਤਾ ਹੀ ਬੱਚਿਆਂ ਦੀਆਂ ਹਰ ਇਕ ਜ਼ਰੂਰਤਾਂ ਪੂਰੀਆਂ ਕਰਦਾ ਹੈ। ਚੰਗੀ ਸਿੱਖਿਆ ਹਾਸਲ ਕਰਵਾਉਂਦਾ ਹੈ। ਨਸ਼ੇ ਤੋਂ ਦੂਰ ਰੱਖਣ ਦੇ ਯਤਨ ਕਰਦਾ ਹੈ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਪਿਤਾ ਦਾ ਕਹਿਣਾ ਮੰਨੀਏ। ਹਰ ਕੰਮ ਵਿਚ ਪਿਤਾ ਦਾ ਸਾਥ ਦੇਈਏ। ਸਾਡੇ ਪਿਤਾ ਜੀ ਨੇ ਸਾਨੂੰ ਚੰਗੀ ਵਿੱਦਿਆ ਹਾਸਲ ਕਰਵਾ ਸਫਲ ਇਨਸਾਨ ਬਣਾਇਆ ਹੈ। ਹੁਣ ਉਨ੍ਹਾਂ ਦੀ ਸੇਵਾ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ।
ਪਿਤਾ ਦੀ ਸੇਧ ਸਦਕਾ ਹੀ ਸਫਲਤਾ ਮਿਲੀ ਹੈ-ਸੁਖਵੀਰ ਸਿੰਘ ਜਾਖੜ, ਮੋਹਨ ਸਿੰਘ ਜਾਖੜ
ਉਪ ਮੰਡਲ ਦੇ ਪਿੰਡ ਕਿੱਲ੍ਹਿਆਂਵਾਲੀ ਦੇ ਜੰਮਪਲ ਅਤੇ ਸੇਵਾਮੁਕਤ ਐੱਸ.ਸੀ.ਸੁਖਵੀਰ ਸਿੰਘ ਜਾਖੜ ਅਤੇ ਸਾਬਕਾ ਸਰਪੰਚ ਮੋਹਨ ਸਿੰਘ ਜਾਖੜ ਦਾ ਕਹਿਣਾ ਹੈ ਕਿ ਪਿਤਾ ਵਲੋਂ ਦਿੱਤੀ ਚੰਗੀ ਸੇਧ ਸਦਕਾ ਹੀ ਜੀਵਨ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਿਤਾ ਬਲਦੇਵ ਸਿੰਘ ਜਾਖੜ (95) ਨਾਮਵਰ ਵੈਟਰਨ ਖਿਡਾਰੀ ਨੇ ਉਨ੍ਹਾਂ ਨੂੰ ਚੰਗੀ ਅਤੇ ਉੱਚ ਸਿੱਖਿਆ ਹਾਸਲ ਕਰਵਾ ਕੇ ਹੀ ਸਫਲ ਇਨਸਾਨ ਬਣਾਇਆ ਹੈ। ਉਹ ਅੱਜ ਵੀ ਹਰ ਇਕ ਕੰਮ ਆਪਣੇ ਪਿਤਾ ਦੀ ਸਲਾਹ ਅਨੁਸਾਰ ਹੀ ਕਰਦੇ ਹਨ। ਉਨ੍ਹਾਂ ਜੀਵਨ ਵਿਚ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ ਉਹ ਪਿਤਾ ਜੀ ਵਲੋਂ ਦਿੱਤੀ ਚੰਗੀ ਸੇਧ ਸਦਕਾ ਹੀ ਕੀਤੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਿਤਾ ਦੇ ਦਰਸਾਏ ਮਾਰਗ ‘ਤੇ ਹੀ ਚੱਲਣ। ਹਰ ਇਕ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਜ਼ਿੰਦਗੀ ‘ਚ ਸਫਲ ਇਨਸਾਨ ਬਣਨ।
ਗ਼ਰੀਬ ਅਤੇ ਅਮੀਰ ਨੂੰ ਇਕੋਂ ਨਜ਼ਰ ਨਾਲ ਦੇਖਣਾ ਮੇਰੇ ਪਿਤਾ ਨੇ ਸਿਖਾਇਆ-ਭਾਨੂ ਸੁਧੀਰ ਪ੍ਰਤਾਪ ਸਿੰਘ
-ਅਬੋਹਰ ਦੀ ਸਬ ਤਹਿਸੀਲ ਸੀਤੋ ਗੁੰਨੋ੍ਹ ਦੇ ਨਾਮਵਰ ਅਤੇ ਬਿਸ਼ਨੋਈ ਭਾਈਚਾਰੇ ਦੀ ਸਤਿਕਾਰਤ ਸ਼ਖ਼ਸੀਅਤ ਚੌਧਰੀ ਸੰਜੀਵ ਗੋਦਾਰਾ ਆਪਣੇ ਪੁੱਤਰ ਲਈ ਵੀ ਕਿਸੇ ਰੋਲ ਮਾਡਲ ਤੋਂ ਘੱਟ ਨਹੀਂ। ਪਿਤਾ ਦਿਹਾੜੇ ਦੇ ਸੰਬੰਧ ਵਿਚ ਗੱਲਬਾਤ ਕਰਦੇ ਹੋਏ ਸੰਜੀਵ ਗੋਦਾਰਾ ਦੇ ਫ਼ਰਜ਼ੰਦ ਭਾਨੂ ਸੁਧੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਜੀ ਨੂੰ ਹਰ ਰੋਜ਼ ਨਮਨ ਕਰਦਾ ਹਾਂ, ਜਿਨ੍ਹਾਂ ਦਾ ਸਾਰਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਰਿਹਾ ਹੈ। ਉਨ੍ਹਾਂ ਨੇ ਹਮੇਸ਼ਾ ਨਿੱਜੀ ਲਾਭ ਤੋਂ ਉੱਪਰ ਉੱਠ ਕੇ ਅਤੇ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕੀਤੀ। ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਦੌਰਾਨ ਮੈਂ ਉਨ੍ਹਾਂ ਦੇ ਨਾਲ ਰਹਿ ਕੇ ਉਨ੍ਹਾਂ ਦੀ ਆਪਣੇ ਪਿੰਡ ਅਤੇ ਅਬੋਹਰ ਦੇ ਵਿਕਾਸ ਲਈ ਲਗਨ ਨੂੰ ਨੇੜੇ ਤੋਂ ਦੇਖਿਆ ਹੈ। ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਣ, ਉਨ੍ਹਾਂ ਦਾ ਦਿਲ ਹਮੇਸ਼ਾ ਅਬੋਹਰ ਅਤੇ ਆਪਣੇ ਲੋਕਾਂ ਦੀ ਤਰੱਕੀ ਲਈ ਧੜਕਦਾ ਰਿਹਾ ਹੈ। ਮੇਰੇ ਪਿਤਾ ਤੋਂ ਹੀ ਮੈਂ ਇਹ ਸਿੱਖਿਆ ਹੈ ਕਿ ਹਰ ਹਾਲਤ ਵਿਚ ਗ਼ਰੀਬਾਂ ਦਾ ਸਾਥ ਦੇਣਾ ਚਾਹੀਦਾ ਹੈ। ਅਮੀਰ ਅਤੇ ਗ਼ਰੀਬ ਨੂੰ ਇਕੋ ਜਿਹੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਭਾਨੂ ਸੁਧੀਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਇਹ ਗੱਲ ਹਰ ਸਮੇਂ ਯਾਦ ਰਹਿੰਦੀ ਹੈ ਕਿ ‘‘ਮੇਰੇ ਦਰਵਾਜ਼ੇ ਅੰਦਰ ਆਉਂਦੇ ਹੀ ਆਮ ਇਨਸਾਨ ਵੀ ਰਾਜਾ ਬਣ ਜਾਂਦਾ ਹੈ।” ਉਹ ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੇ ਅਹੁਦੇ, ਦੌਲਤ ਜਾਂ ਰੁਤਬੇ ਨਾਲ ਨਹੀਂ ਤੋਲਦੇ, ਸਗੋਂ ਹਰ ਇਕ ਨੂੰ ਇੱਜ਼ਤ ਅਤੇ ਪਿਆਰ ਨਾਲ ਮਿਲਦੇ ਹਨ। ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦਾ ਪੁੱਤਰ ਹਾਂ ਅਤੇ ਉਨ੍ਹਾਂ ਵਲੋਂ ਦਿੱਤੀਆਂ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ।
ਪਰਿਵਾਰ ਦੇ ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਆਪਣੇ ਪਿਤਾ ਤੋਂ ਸਿੱਖਿਆ : ਗੁਣਤਾਸ ਸਿੰਘ
-ਅਬੋਹਰ ਇਲਾਕੇ ਦੇ ਨਾਮਵਰ ਕਿਸਾਨ ਆਗੂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਸੁਖਜਿੰਦਰ ਸਿੰਘ ਰਾਜਨ ਆਪਣੇ ਪੁੱਤਰ ਗੁਣਤਾਸ ਸਿੰਘ ਲਈ ਵੀ ਲਗਾਤਾਰ ਪੇ੍ਰਰਨਾ ਸਰੋਤ ਬਣੇ ਹੋਏ ਹਨ। ਪਿਤਾ ਦਿਹਾੜੇ ਸੰਬੰਧੀ ਗੱਲਬਾਤ ਕਰਦੇ ਹੋਏ ਗੁਣਤਾਸ ਸਿੰਘ ਨੇ ਦੱਸਿਆ ਕਿ ਵੱਡੇ ਪਰਿਵਾਰ ਦੀਆਂ ਬਾਖੂਬੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਆਪਣੀ ਕਿਰਤ ਨਾਲ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਉਨ੍ਹਾਂ ਆਪਣੇ ਪਿਤਾ ਤੋਂ ਸਿੱਖਿਆ ਹੈ। ਕਿਸਾਨੀ ਦੇ ਨਾਲ-ਨਾਲ ਕਾਰੋਬਾਰ ਅਤੇ ਫਿਰ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਮੇਰੇ ਪਿਤਾ ਨੇ ਪਹਿਲ ਦੇ ਤੌਰ ‘ਤੇ ਜ਼ਿੰਦਗੀ ਵਿਚ ਅਪਣਾਈ ਹੈ ਜਦ ਕਿ ਸਮਾਜ ਵਿਚ ਕਦੇ ਵੀ ਕੋਈ ਲੋੜਵੰਦ ਅਤੇ ਜ਼ਰੂਰਤਮੰਦ ਨੇ ਜਦ ਵੀ ਉਨ੍ਹਾਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਕਦੇ ਵੀ ਕਿਸੇ ਤੋਂ ਮੂੰਹ ਨਹੀਂ ਮੋੜਿਆ ਅਤੇ ਹਰ ਸਮੇਂ ਮਦਦ ਲਈ ਤਤਪਰ ਰਹੇ ਹਨ। ਜਿਸ ਕਾਰਨ ਪਰਿਵਾਰ ਦੇ ਨਾਲ-ਨਾਲ ਸਮਾਜ ਵਿਚ ਵੀ ਉਨ੍ਹਾਂ ਦਾ ਸਤਿਕਾਰ ਵਧਿਆ ਹੈ। ਮੇਰੇ ਨਾਲ ਹਮੇਸ਼ਾ ਪਿਤਾ ਹੀ ਨਹੀਂ ਬਲਕਿ ਇਕ ਦੋਸਤ ਵਾਂਗ ਮੈਨੂੰ ਚੰਗੇ-ਮੰਦੇ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ। ਮੇਰੀਆਂ ਸਾਰੀਆਂ ਇੱਛਾਵਾਂ ਸਮੇਂ ਤੋਂ ਪਹਿਲਾਂ ਪੂਰੀਆਂ ਕਰਕੇ ਮੇਰੇ ਪਿਤਾ ਮੇਰੇ ਲਈ ਕਿਸੇ ਰੱਬੀ ਸ਼ਕਤੀ ਤੋਂ ਘੱਟ ਨਹੀਂ। ਗੁਣਤਾਸ ਸਿੰਘ ਨੇ ਕਿਹਾ ਕਿ ਮੇਰਾ, ਮੇਰੇ ਪਿਤਾ ਵਾਂਗ ਬਣਨਾ ਬਹੁਤ ਮੁਸ਼ਕਿਲ ਹੈ ਪਰ ਮੈਂ ਉਨ੍ਹਾਂ ਵਾਂਗ ਬਣ ਸਕਿਆ ਤਾਂ ਇਹ ਮੇਰੇ ਵਲੋਂ ਉਨ੍ਹਾਂ ਨੂੰ ਦਿੱਤਾ ਸਭ ਤੋਂ ਅਨਮੋਲ ਤੋਹਫ਼ਾ ਹੋਵੇਗਾ।
ਮੇਰੇ ਪਿਤਾ ਵਿਚ ਸੱਚੀ ਲੀਡਰਸ਼ਿਪ ਆਪਣਿਆਂ ਪ੍ਰਤੀ ਜੁੜੀ ਜ਼ਿੰਮੇਵਾਰੀ ਸਿਖਾਉਂਦੀ ਹੈ -ਮੀਰਾ ਜਾਖੜ
ਅਬੋਹਰ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਦੀ ਧੀ ਮੀਰਾ ਜਾਖੜ ਨੇ ਪਿਤਾ ਦਿਹਾੜੇ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪਿਤਾ ਦੁਨੀਆ ਲਈ ਭਾਵੇਂ ਰਾਜਸੀ ਲੀਡਰ ਹੋਣ ਪਰ ਮੇਰੇ ਲਈ ਤੁਸੀਂ ਆਪਣੀ ਜ਼ਿੰਦਗੀ ਦਿਆਲਤਾ, ਸੇਵਾ ਅਤੇ ਹਮਦਰਦੀ ਰਾਹੀਂ ਦੂਜਿਆਂ ਲਈ ਉਮੀਦ ਬਣਨ ਵਿਚ ਬਿਤਾਈ ਨਜ਼ਰ ਆਉਂਦੀ ਹੈ। ਮੀਰਾ ਜਾਖੜ ਨੇ ਕਿਹਾ ਕਿ ਮੇਰੇ ਪਿਤਾ ਦੀ ਲੀਡਰਸ਼ਿਪ ਨੇ ਮੈਨੂੰ ਸਿਖਾਇਆ ਕਿ ਸੱਚੀ ਲੀਡਰਸ਼ਿਪ ਖ਼ੁਦ ਦੀ ਮਾਨਤਾ ਵਿਚ ਨਹੀਂ, ਸਗੋਂ ਜਨਤਾ ਲਈ ਕੀਤੇ ਚੰਗੇ ਕੰਮਾਂ, ਵੱਡੇ ਉਦੇਸ਼ ਅਤੇ ਆਪਣੇ ਲੋਕਾਂ ਦੀ ਜ਼ਿੰਮੇਵਾਰੀ ਨਾਲ ਜੁੜੀ ਹੁੰਦੀ ਹੈ। ਮੀਰਾ ਜਾਖੜ ਨੇ ਕਿਹਾ ਕਿ ਮੇਰੇ ਪਿਤਾ ਜਿਨ੍ਹਾਂ ਕਦਰਾਂ-ਕੀਮਤਾਂ ‘ਤੇ ਜਿਉਂਦੇ ਹਨ, ਉਹ ਮੈਨੂੰ ਹਮੇਸ਼ਾ ਮਾਰਗ ਦਰਸ਼ਨ ਕਰਦੀਆਂ ਹੋਈਆਂ ਹਮੇਸ਼ਾ ਪ੍ਰੇਰਦੀਆਂ ਹਨ। ਮੇਰੇ ਪਿਤਾ ਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਕਿ ਸਫਲਤਾ ਇਸ ਗੱਲ ਨਾਲ ਨਹੀਂ ਮਾਪੀ ਜਾਂਦੀ ਕਿ ਅਸੀਂ ਕਿ ਪ੍ਰਾਪਤ ਕਰਦੇ ਹਾਂ ਸਗੋਂ ਇਸ ਨਾਲ ਮਾਪੀ ਜਾਂਦੀ ਹੈ ਕਿ ਅਸੀਂ ਦੂਜਿਆਂ ਨੂੰ ਕੀ ਦਿੰਦੇ ਹਾਂ। ਪਿਤਾ ਦਿਹਾੜਾ ਮਨਾਉਂਦੇ ਹੋਏ ਮੈਂ ਤੁਹਾਡੇ ‘ਤੇ ਮਾਣ ਮਹਿਸੂਸ ਕਰਦੀ ਹਾਂ ਕਿ ਜੋ ਤੁਸੀਂ ਮੇਰੇ ਲਈ ਹੋ, ਉਹ ਸਮਾਜ ਵਿਚ ਰਹਿੰਦੇ ਹੋਏ ਹੋਰਾਂ ਲਈ ਵੀ ਪੇ੍ਰਰਨਾ ਬਣ ਕੇ ਨਜ਼ਰ ਆਉਂਦੇ ਹੋ।
ਮੇਰੀ ਜ਼ਿੰਦਗੀ ਦੀ ਖ਼ੂਬਸੂਰਤ ਕਹਾਣੀ ਮੇਰੇ ਪਿਤਾ ਤੋਂ ਸ਼ੁਰੂ ਹੁੰਦੀ ਹੈ-ਤਮੰਨਾ
- ਐੱਮ ਬੀ ਏ ਦੀ ਪੜ੍ਹਾਈ ਕਰਕੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਕਰਵਾ ਰਹੀ ਤਮੰਨਾ ਅਨੇਜਾ ਨੇ ਫਾਦਰ ਡੇ ਤੇ ਆਪਣੇ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਅੱਜ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਕਰ ਰਹੀਆਂ ਹਨ। ਉਨ੍ਹਾਂ ਦੇ ਪਿਤਾ ਵਿਮਲ ਅਨੇਜਾ ਮੈਨੇਜਿੰਗ ਡਾਇਰੈਕਟਰ ਸੈਂਟਸ ਪਬਲਿਕ ਸਕੂਲ ਮੰਡੀ ਲਾਧੂਕਾ ਦੀ ਮਿਹਨਤ ਅਤੇ ਦਰਸਾਏ ਰਸਤੇ ਸਦਕਾ ਅੱਜ ਉਹ ਜ਼ਿੰਦਗੀ ਦੀਆਂ ਖ਼ੁਸ਼ੀਆਂ ਅਤੇ ਤਰੱਕੀਆਂ ਮਾਣ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸਫਲ ਸਕੂਲ ਪ੍ਰਬੰਧਕ ਹਨ, ਉਨ੍ਹਾਂ ਦੇ ਪਿਤਾ ਹਮੇਸ਼ਾ ਮਜ਼ਬੂਤ ਮੁੱਢਲੀ ਸਿੱਖਿਆ ਤੇ ਜ਼ੋਰ ਦਿੰਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਸੈਂਕੜੇ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਅੱਜ ਜਦੋਂ ਉਹ ਕੌਮਾਂਤਰੀ ਪੱਧਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੁੰਦੀ ਹੈ ਤਾਂ, ਉਨ੍ਹਾਂ ਦੇ ਪਿਤਾ ਜੀ ਦਾ ਤਜਰਬਾ ਅਤੇ ਸਿੱਖਿਆਵਾਂ ਉਸ ਦੇ ਕੰਮ ਆ ਰਹੀਆਂ ਹੁੰਦੀਆਂ ਹਨ। ਅੱਜ ਫਾਦਰ ਦਿਵਸ ਤੇ ਤਮੰਨਾ ਅਨੇਜਾ ਨੇ ਆਪਣੀ ਪਿਤਾ ਸ਼੍ਰੀ ਵਿਮਲ ਅਨੇਜਾ ਤੋਂ ਇਲਾਵਾ ਹਰੇਕ ਪਿਤਾ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਬਿਹਤਰ ਜੀਵਨ ਅਤੇ ਸਿਹਤਯਾਬ ਜ਼ਿੰਦਗੀ ਦੀ ਪ੍ਰਾਰਥਨਾ ਕੀਤੀ ਹੈ।