ਜਲਾਲਾਬਾਦ, 5 ਜੁਲਾਈ (ਕਰਨ ਚੁਚਰਾ/ਜਤਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਜਲਾਲਾਬਾਦ ਵਿਖੇ ਹੋਏ ਗਹਿਗੱਚ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਮੱਲ੍ਹ ਮਾਰਦਿਆਂ ਨਗਰ ਕੌਂਸਲ ਦੀ ਕਮੇਟੀ ’ਤੇ ਆਪਣਾ ਕਬਜ਼ਾ ਬਣਾ ਲਿਆ ਹੈ। ਹੋਈਆਂ ਚੋਣਾਂ ਦੌਰਾਨ 17 ਵਾਰਡਾਂ ਵਿਚੋਂ ਆਪ ਨੇ ਸ਼ਾਨਦਾਰ ਜਿੱਤ ਹਾਸਿਲ ਕਰਦਿਆਂ 12 ਸੀਟਾਂ ਹਾਸਿਲ ਕੀਤੀਆਂ, ਜਦੋਂ ਕਿ ਕਾਂਗਰਸ ਨੇ 4, ਅਕਾਲੀ ਦਲ ਨੂੰ 1 ਸੀਟ ’ਤੇ ਸੀ ਸੰਤੋਖ ਕਰਨਾ ਪਿਆ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ ਅਤੇ ਲਗਭਗ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋਈਆਂ ਹੋਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਈ.ਵੀ.ਐਮ ਮਸ਼ੀਨ ਰਾਹੀ ਪਈਆਂ ਵੋਟਾਂ ਦੌਰਾਨ 70 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਹੋਈ ਸੀ।ਚੋਣ ਨਤੀਜਿਆਂ ਦੌਰਾਨ ਵਾਰਡ ਨੰਬਰ 1 ਤੋਂ ਮੈਡਮ ਸੀਲਵੀ ਆਪ, 2 ਤੋਂ ਸੁਰਿੰਦਰ ਕੁਮਾਰ ਆਪ, 3 ਤੋਂ ਨੀਲਮ ਰਾਣੀ ਆਪ, 4 ਤੋਂ ਅਸ਼ਵਨੀ ਸਿਡਾਨਾ ਕਾਂਗਰਸ, 5 ਤੋਂ ਸ਼ਸ਼ੀ ਬਾਲਾ ਅਕਾਲੀ ਦਲ, 6 ਤੋਂ ਅੰਕੁਸ਼ ਮੁਟਨੇਜਾ ਆਪ, 7 ਤੋਂ ਵਿਕਰਮਜੀਤ ਸਿੰਘ ਕਾਂਗਰਸ, 8 ਤੋਂ ਰਮਜੀਤ ਕੌਰ ਕਾਂਗਰਸ, 9 ਤੋਂ ਰਜਨੀ ਰਾਣੀ ਆਪ, 10 ਤੋਂ ਤਰੁਣ ਵਿੱਜ ਆਪ, 11 ਤੋਂ ਪ੍ਰਵੀਨ ਰਾਣੀ ਆਪ, 12 ਤੋਂ ਹਰੀਸ਼ ਕੁਮਾਰ ਆਪ, 13 ਤੋਂ ਸੁਮਿਤਰਾ ਰਾਣੀ ਕਾਂਗਰਸ, 14 ਤੋਂ ਦਰਸ਼ਨ ਲਾਲ ਆਪ, 15 ਤੋਂ ਅਰਵਿੰਦਰ ਕੌਰ ਆਪ, 16 ਤੋਂ ਰਾਜੀਵ ਕੁਮਾਰ ਆਪ, 17 ਤੋਂ ਜਰਨੈਲ ਸਿੰਘ ਆਪ ਦੇ ਜੇਤੂ ਰਹੇ ਹਨ। ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਜਲਾਲਾਬਾਦ ਦੇ ਸਮੂਹ ਵੋਟਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਵੋਟਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਰੀਬ 40 ਸਾਲਾਂ ਬਾਅਦ ਪਹਿਲੀ ਵਾਰ ਜਲਾਲਾਬਾਦ ਵਿਚ ਇੰਨੀ ਸ਼ਾਂਤੀਪੂਰਨ, ਨਿਰਪੱਖ ਅਤੇ ਸਾਫ਼-ਸੁਥਰੀਆਂ ਚੋਣਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿਚ ਪਾਰਟੀ ਦੀ ਆਪਣੀ ਕਮੇਟੀ ਬਣਾਈ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਭਰੋਸਾ ਦਿਵਾਇਆ ਕਿ ਜਲਾਲਾਬਾਦ ਸ਼ਹਿਰ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਐਮ.ਸੀ. ਜਿੱਤੇ ਹਨ, ਉਹ ਆਪਣੀ ਮਿਹਨਤ ਅਤੇ ਲੋਕਾਂ ਵਿਚਲੇ ਪਿਆਰ ਸਤਿਕਾਰ ਕਰਕੇ ਜਿੱਤੇ ਹਨ, ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਐਮ.ਸੀ. ਬਣਨ ਲਈ ਉਮੀਦਵਾਰਾਂ ਨੂੰ ਇਤਨੀ ਜ਼ਿਆਦਾ ਮਿਹਨਤ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਜਲਾਲਾਬਾਦ ਦਾ ਇਤਿਹਾਸ ਬੋਲਦਾ ਹੈ, ਪਹਿਲਾਂ ਚੋਣਾਂ ਵੋਟਾਂ ਨਾਲ ਨਹੀਂ ਬਲਕਿ ਜ਼ੋਰ ਦੇ ਸਿਰ ’ਤੇ ਜਿੱਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹਰ ਸਿਆਸੀ ਪਾਰਟੀ ਦੇ ਉਮੀਦਵਾਰ ਨੇ ਫਾਰਮ ਭਰੇ, ਚੋਣ ਪ੍ਰਚਾਰ ਕੀਤਾ, ਬੂਥ ਲੱਗੇ, ਜਦੋਂ ਕਿ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਉਨ੍ਹਾਂ ਜਲਾਲਾਬਾਦ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਉਮੀਦ ਟੁੱਟਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਨੇ ਹਰ ਹੀਲਾ ਵਰਤਿਆਂ ਮਾਹੌਲ ਖ਼ਰਾਬ ਕਰਨ ਦਾ ਪਰ ਅਜਿਹਾ ਨਹੀਂ ਹੋਇਆ, ਇਸ ਲਈ ਪ੍ਰਸ਼ਾਸਨ ਵੀ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ 2027 ਤੋਂ ਪਹਿਲਾਂ ਸੈਮੀਫਾਈਨਲ ਦੇ ਰੂਪ ਵਿਚ ਦੇਖੀਆਂ ਜਾ ਰਹੀਆਂ ਸਨ, ਜਦੋਂ ਕਿ ਹੁਣ ਅਗਲਾ ਨਿਸ਼ਾਨਾ 2027 ਦੀਆਂ ਵਿਧਾਨ ਸਭਾ ਚੋਣਾਂ ਹਨ।
ਜਲਾਲਾਬਾਦ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
ਅਜੀਤ ਡੈਸਕ
06-07-2026