ਫ਼ਾਜ਼ਿਲਕਾ ਵਿਖੇ ਵਿਧਵਾ ਔਰਤ ਦੇ ਮਕਾਨ ਦੀ ਛੱਤ ਡਿੱਗੀ
ਅਜੀਤ ਡੈਸਕ
12-07-2026
ਫ਼ਾਜ਼ਿਲਕਾ, 11 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਅਧੀਨ ਆਉਂਦੀ ਇਕ ਕਾਲੋਨੀ ਵਿਚ ਇਕ ਗ਼ਰੀਬ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਟੱਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਮਹਿਲਾ ਆਪਣੇ ਬੱਚੇ ਸਮੇਤ ਘਰ ਦੇ ਵਿਹੜੇ ਵਿਚ ਸੁੱਤੀ ਹੋਈ ਸੀ, ਜਿਸ ਕਾਰਨ ਦੋਵਾਂ ਦੀ ਜਾਨ ਵਾਲ-ਵਾਲ ਬਚ ਗਈ। ਅਚਾਨਕ ਹੋਏ ਤੇਜ਼ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਔਰਤ ਨੇ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਦੀ ਛੱਤ ਪੂਰੀ ਤਰ੍ਹਾਂ ਮਲਬੇ ਵਿਚ ਤਬਦੀਲ ਹੋ ਚੁੱਕੀ ਸੀ। ਪੀੜਤ ਮਹਿਲਾ ਅਨੁਸਾਰ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਇਹ ਨੁਕਸਾਨ ਹੋਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੀ ਕਸ਼ਯਪ ਕਾਲੋਨੀ ਦੀ ਰਹਿਣ ਵਾਲੀ ਵਿਧਵਾ ਕੌਸ਼ਲਿਆ ਦੇਵੀ ਨੇ ਦੱਸਿਆ ਕਿ ਬੀਤੀ ਰਾਤ ਗਰਮੀ ਜ਼ਿਆਦਾ ਹੋਣ ਕਰਕੇ ਉਹ ਆਪਣੇ ਬੱਚੇ ਨਾਲ ਘਰ ਦੇ ਵਿਹੜੇ ਵਿਚ ਸੁੱਤੀ ਹੋਈ ਸੀ। ਇਸੇ ਦੌਰਾਨ ਅਚਾਨਕ ਬਰਸਾਤ ਸ਼ੁਰੂ ਹੋ ਗਈ। ਉਹ ਅਜੇ ਕਮਰੇ ਦੇ ਅੰਦਰ ਜਾਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਅਚਾਨਕ ਕਮਰੇ ਦੇ ਅੰਦਰੋਂ ਜ਼ੋਰਦਾਰ ਆਵਾਜ਼ ਆਈ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਮੀਂਹ ਦੇ ਪਾਣੀ ਕਾਰਨ ਮਕਾਨ ਦੀ ਛੱਤ ਹੇਠਾਂ ਡਿਗ ਚੁੱਕੀ ਸੀ, ਜਿਸ ਨਾਲ ਘਰ ਦੇ ਅੰਦਰ ਪਿਆ ਸਾਮਾਨ ਵੀ ਕਾਫ਼ੀ ਨੁਕਸਾਨਿਆ ਗਿਆ। ਪੀੜਤ ਮਹਿਲਾ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿਚ ਉਹ ਅਤੇ ਉਸ ਦਾ ਛੋਟਾ ਬੱਚਾ ਹੀ ਰਹਿੰਦੇ ਹਨ। ਉਹ ਲੋਕਾਂ ਦੇ ਘਰਾਂ ਵਿਚ ਕੰਮ-ਕਾਰ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ, ਪਰ ਇਸ ਹਾਦਸੇ ਨੇ ਉਸ ਦੀ ਆਰਥਿਕ ਸਥਿਤੀ ਨੂੰ ਹੋਰ ਵੀ ਖ਼ਰਾਬ ਕਰ ਦਿੱਤਾ ਹੈ। ਮੌਜੂਦਾ ਸਮੇਂ ਉਹ ਡਿੱਗੀ ਹੋਈ ਛੱਤ ਉੱਪਰ ਤਰਪਾਲ ਪਾ ਕੇ ਦਿਨ ਕੱਟਣ ਲਈ ਮਜਬੂਰ ਹੈ, ਤਾਂ ਜੋ ਧੁੱਪ ਅਤੇ ਮੀਂਹ ਤੋਂ ਕੁੱਝ ਬਚਾਅ ਹੋ ਸਕੇ। ਪੀੜਤ ਵਿਧਵਾ ਔਰਤ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਪਾਸੋਂ ਗੁਹਾਰ ਲਗਾਈ ਹੈ ਕਿ ਉਸ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਸਿਰ ਲੁਕਾਉਣ ਲਈ ਛੱਤ ਦਾ ਦੁਬਾਰਾ ਨਿਰਮਾਣ ਕਰਵਾ ਸਕੇ।