ਅਬੋਹਰ, 17 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਸਿੱਖਿਆ ਦੇ ਖੇਤਰ ਵਿਚ ਡੀ.ਏ.ਵੀ ਕਾਲਜ ਅਬੋਹਰ ਨੇ ਇਕ ਹੋਰ ਮਾਣਮੱਤੀ ਉਪਲਬਧੀ ਆਪਣੇ ਨਾਂਅ ਕੀਤੀ ਹੈ। ਇੰਡੀਆ ਟੂਡੇ ਐਮ.ਡੀ.ਆਰ.ਏ 2026 ਦੇ ਰਾਸ਼ਟਰੀ ਸਰਵੇਖਣ ਵਿਚ ਕਾਲਜ ਨੂੰ ਭਾਰਤ ਦੇ ਸਰਬੋਤਮ ਪ੍ਰਾਈਵੇਟ ਕਾਲਜਾਂ ਵਿਚ ਸ਼ਾਮਿਲ ਕੀਤਾ ਗਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਮਹਾਜਨ ਨੇ ਇਸ ਨੂੰ ਸਮੂਹ ਅਬੋਹਰ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ ਸਫਲਤਾ ਕਾਲਜ ਦੀ ਉੱਚ ਅਕਾਦਮਿਕ ਗੁਣਵੱਤਾ, ਬਿਹਤਰ ਪ੍ਰਬੰਧਨ, ਆਧੁਨਿਕ ਬੁਨਿਆਦੀ ਢਾਂਚੇ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਪਲੇਸਮੈਂਟ ਅਤੇ ਕੈਰੀਅਰ ਮੌਕਿਆਂ ਦੇ ਆਧਾਰ ’ਤੇ ਮਿਲੀ ਹੈ। ਸਰਵੇਖਣ ਅਨੁਸਾਰ ਡੀ.ਏ.ਵੀ ਕਾਲਜ ਨੇ ਬੀ.ਸੀ.ਏ ਵਿਚ ਦੇਸ਼ ਭਰ ਵਿਚ 72ਵਾਂ ਅਤੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਬੀ.ਕਾਮ, ਆਰਟਸ, ਸਾਇੰਸ ਅਤੇ ਬੀ.ਬੀ.ਏ ਕੋਰਸਾਂ ਵਿਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਡਾ.ਮਹਾਜਨ ਨੇ ਦੱਸਿਆ ਕਿ ਕਾਲਜ ਪਹਿਲਾਂ ਵੀ ਐਜੂਕੇਸ਼ਨ ਵਰਲਡ ਅਤੇ ਇੰਡੀਆ ਟੂਡੇ ਦੇ ਕਈ ਰਾਸ਼ਟਰੀ ਸਰਵੇਖਣਾਂ ਵਿਚ ਦੇਸ਼ ਦੇ ਟਾਪ 100 ਕਾਲਜਾਂ ਵਿਚ ਸ਼ਾਮਲ ਰਹਿ ਚੁੱਕਾ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵਲੋਂ ਕਾਲਜ ਨੂੰ ਸਟਾਰ ਕਾਲਜ ਦਾ ਦਰਜਾ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਕਮਿਊਨਿਟੀ ਕਾਲਜ ਦਾ ਸਨਮਾਨ ਵੀ ਮਿਲ ਚੁੱਕਾ ਹੈ।