ਮਮਦੋਟ , 17 ਜੁਲਾਈ (ਸੁਖਦੇਵ ਸਿੰਘ ਸੰਗਮ)-ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਚਰਚਾ ਵਿਚ ਰਹਿਣ ਵਾਲੇ ਮਮਦੋਟ ਸਿਵਲ ਹਸਪਤਾਲ ਇਕ ਵਾਰ ਹੁਣ ਐਕਸਰੇ ਰੂਮ ਨੂੰ ਲੈ ਕੇ ਚਰਚਾ ਵਿਚ ਹੈ। ਹਸਪਤਾਲ ਦਾ ਐਕਸਰੇ ਰੂਮ ਇਕ ਹਫ਼ਤੇ ਤੋਂ ਬੰਦ ਹੋਣ ਕਾਰਨ ਮਰੀਜਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਜਦੋਂ ਡਾਕਟਰਾਂ ਦੁਆਰਾ ਐਕਸਰੇ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ 50 ਕਿੱਲੋਮੀਟਰ ਦੂਰ ਫ਼ਿਰੋਜ਼ਸ਼ਾਹ ਦੇ ਹਸਪਤਾਲ ਵਿਚ ਜਾਣਾ ਪੈਂਦਾ ਹੈ। ਜਿਕਰਯੋਗ ਹੈ ਕਿ 11 ਜੁਲਾਈ ਨੂੰ ਸਿਵਲ ਹਸਪਤਾਲ ਮਮਦੋਟ ਵਿਚ ਦਾਖਲ ਕਿਸੇ ਝਗੜੇ ਨਾਲ ਸੰਬਧਿਤ ਮਰੀਜ ਦੇ ਵਾਰਸਾਂ ਨੇ ਕਥਿਤ ਦੋਸ਼ ਲਗਾਇਆ ਸੀ ਕਿ ਉਕਤ ਰੇਡਿਓਗ੍ਰਾਫ਼ਰ ਨੇ ਦੂਜੀ ਧਿਰ ਨਾਲ ਮਿਲ ਕੇ ਉਨ੍ਹਾ ਦੇ ਕੇਸ ਨਾਲ ਸੰਬਧਿਤ ਗਲਤ ਰਿਪੋਰਟ ਤਿਆਰ ਕਾਰਨ ਵਾਸੇ ਰਾਤ 12 ਵਜੇ ਐਕਸਰੇ ਰੂਮ ਖੋਲ੍ਹਿਆ ਸੀ। ਇਸ ਮਾਮਲੇ ਦੇ ਚਰਚਾ ਵਿਚ ਆਉਣ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਕਸਰੇ ਰੂਮ ਬੰਦ ਪਿਆ ਹੈ ਅਤੇ ਦੱਸਿਆ ਜਾ ਗਿਆ ਹੈ ਕਿ ਉਕਤ ਕਰਮਚਾਰੀ ਉਸ ਸਮੇਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਹੈ। ਇਸ ਬਾਬਤ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਸਟੈਨੋ ਵਿਕਾਸ ਕਾਲੜਾ ਨੇ ਦੱਸਿਆ ਕਿ ਉਕਤ ਰੇਡਿਓਗ੍ਰਾਫਰ 20 ਜੁਲਾਈ ਤੱਕ ਛੁਟੀ ’ਤੇ ਹੈ, ਪਰ ਮਰੀਜਾਂ ਦੀ ਸਹੂਲਤ ਲਈ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾਏ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕੋਈ ਸਪਸ਼ਟ ਜਵਾਬ ਨਹੀ ਦਿੱਤਾ। ਇਲਾਕੇ ਦੇ ਲੋਕਾਂ ਦੀ ਸਰਕਾਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਰੀਜਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਤੁਰੰਤ ਕੋਈ ਬਦਲਵੇਂ ਪ੍ਰਬੰਧ ਕੀਤੇ ਜਾਣ।