ਫ਼ਾਜ਼ਿਲਕਾ, 20 ਜੁਲਾਈ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਸੇਫ਼ ਸਕੂਲ ਵਾਹਨ ਟੀਮ ਵਲੋਂ ਸਕੂਲੀ ਬੱਸਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਅਭਿਆਨ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਖ਼ਰਾਬ ਬੱਸਾਂ ਨੂੰ ਜ਼ਬਤ ਕੀਤਾ ਜਾ ਰਹਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਟੀਮ ਵਲੋਂ ਫ਼ਾਜ਼ਿਲਕਾ ਸ਼ਹਿਰ ’ਚ ਸਕੂਲੀ ਵੈਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਖ਼ਾਮੀਆਂ ਪਾਏ ਜਾਣ ’ਤੇ 5 ਬੱਸਾਂ ਦੇ ਚਲਾਨ ਕੱਟੇ ਗਏ ਅਤੇ ਵੈਨ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਨੂੰ ਸਖ਼ਤੀ ਨਾਲ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਅਜੇ ਸ਼ਰਮਾ, ਸੋਸ਼ਲ ਵਰਕਰ ਜਸਵਿੰਦਰ ਕੌਰ, ਟਰੈਫ਼ਿਕ ਪੁਲਿਸ ਇੰਚਾਰਜ ਏ.ਐੱਸ.ਆਈ.ਮਲਕੀਤ ਸਿੰਘ, ਸੁਰਿੰਦਰ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਕ੍ਰਿਸ਼ਨ ਕਾਂਤ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।