ਫ਼ਾਜ਼ਿਲਕਾ, 20 ਜੁਲਾਈ (ਦਵਿੰਦਰ ਪਾਲ ਸਿੰਘ)-ਸ੍ਰੀ ਸਤਿਯ ਸਾਈਂ ਸੇਵਾ ਸੰਗਠਨ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸ੍ਰੀ ਸਤਿਯ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸ੍ਰੀ ਸੇਵਕ ਸਭਾ ਸ਼ਿਵਪੁਰੀ ਵਿਖੇ 20 ਬੂਟੇ ਲਗਾਏ ਗਏ। ਸੰਗਠਨ ਵਲੋਂ ਪੂਰੇ ਪੰਜਾਬ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਫ਼ਾਜ਼ਿਲਕਾ ਵਿਚ ਵੀ ਸਮੇਂ-ਸਮੇਂ ’ਤੇ ਵੱਖ-ਵੱਖ ਥਾਵਾਂ ’ਤੇ ਲੋੜ ਅਨੁਸਾਰ ਬੂਟੇ ਲਗਾਏ ਜਾਣਗੇ ਤਾਂ ਜੋ ਉਨ੍ਹਾਂ ਦੀ ਸੁਚੱਜੀ ਦੇਖਭਾਲ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਨੂੰ ਵੀ ਉਤਸ਼ਾਹ ਮਿਲ ਸਕੇ। ਸਾਈਂ ਭਗਤ ਰਵਿੰਦਰ ਰੰਗਬੁੱਲਾ ਨੇ ਦੱਸਿਆ ਕਿ ਫ਼ਾਜ਼ਿਲਕਾ ਸਮਿਤੀ ਦੇ ਮੈਂਬਰਾਂ ਨੇ ਦੇਸ਼ ਭਰ ਵਿਚ ਵਾਤਾਵਰਨ ਸੰਭਾਲ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਇਕ ਰੁੱਖ, ਇਕ ਜ਼ਿੰਦਗੀ’ ਮੁਹਿੰਮ ਦਾ ਸਮਰਥਨ ਕਰਦਿਆਂ ਆਪਣੇ ਸ਼ਹਿਰ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੰਕਲਪ ਲਿਆ ਹੈ। ਸਮਿਤੀ ਦੇ ਮੈਂਬਰ ਓਮ ਪ੍ਰਕਾਸ਼ ਸਚਦੇਵਾ ਨੇ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਸਿਰਫ਼ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦਾ ਫ਼ਰਜ਼ ਹੈ। ਇਸ ਦੇ ਨਾਲ ਹੀ ਅਸ਼ਵਨੀ ਅਹੂਜਾ ਨੇ ਕਿਹਾ ਕਿ ਸਾਡੇ ਛੋਟੇ-ਛੋਟੇ ਯਤਨ ਮਿਲ ਕੇ ਵਾਤਾਵਰਨ ਸੰਭਾਲ ਦੀ ਵੱਡੀ ਮਿਸਾਲ ਬਣ ਸਕਦੇ ਹਨ। ਇਸ ਮੌਕੇ ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ, ਓਮ ਪ੍ਰਕਾਸ਼ ਸਚਦੇਵਾ, ਰਵਿੰਦਰ ਰੰਗਬੁੱਲਾ, ਅਸ਼ਵਨੀ ਅਹੂਜਾ, ਸੁਨੀਲ ਰਾਣਾ, ਪਵਨ ਬਜਾਜ, ਵਿਜੇ ਗੁਪਤਾ ਅਤੇ ਕ੍ਰਿਸ਼ਨ ਗੋਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।