ਅਬੋਹਰ, 23 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਮਾਨਸੂਨ ਦੀ ਪਹਿਲੀ ਬਰਸਾਤ ਬਾਅਦ ਹੀ ਸੀਵਰੇਜ ਸਮੱਸਿਆ ਨਾਲ ਜੂਝ ਰਿਹਾ ਤਹਿਸੀਲ ਕੰਪਲੈਕਸ ਹੁਣ ਚਾਰੇ ਪਾਸੇ ਜਲ ਥਲ ਹੋ ਗਿਆ ਹੈ। ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਅਦਾਲਤ ਵਿਚ ਆਉਣ ਵਾਲੇ ਲੋਕਾਂ ਅਤੇ ਵਕੀਲਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਾਰਕਿੰਗ ਪ੍ਰਬੰਧ ਬੁਰੀ ਤਰ੍ਹਾਂ ਵਿਗੜ ਗਏ ਅਤੇ ਸੜਕਾਂ ਤੇ ਰਸਤੇ ਵਿਚ ਲੋਕਾਂ ਨੂੰ ਵਹੀਕਲ ਖੜੇ ਕਰਕੇ ਲੋਕਾਂ ਨੂੰ ਤਹਿਸੀਲ ਕੰਪਲੈਕਸ ਵਿਚ ਕੰਮਾਂ ਨੂੰ ਜਾਣਾ ਪਿਆ। ਤਹਿਸੀਲ ਕੰਪਲੈਕਸ ਲੰਬੇ ਸਮੇਂ ਤੋਂ ਪਾਣੀ ਦੀ ਨਿਕਾਸੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ ਜਦ ਕਿ ਸਾਰਾ ਪ੍ਰਸ਼ਾਸਨਿਕ ਅਮਲਾ ਤਹਿਸੀਲ ਕੰਪਲੈਕਸ ਵਿਚ ਬੈਠਦਾ ਹੈ। ਇਸ ਤੋਂ ਇਲਾਵਾ ਇਸ ਵਾਰ ਤਾਂ ਮੀਂਹ ਦਾ ਪਾਣੀ ਵਕੀਲਾਂ ਦੇ ਦਫ਼ਤਰਾਂ ਦਾ ਆਉਣ ਪਹੁੰਚਿਆ। ਜਿਸ ਕਾਰਨ ਵਕੀਲਾਂ ਨੂੰ ਆਪਣੇ ਦਫ਼ਤਰਾਂ ਸਣੇ ਬਾਰ ਰੂਮ ਵਿਚ ਵੀ ਪਹੁੰਚਣ ਲਈ ਪਰੇਸ਼ਾਨੀ ਝੱਲਣੀ ਪਈ। ਹਰ ਵਾਰ ਮੀਂਹ ਪੈਣ ਮਗਰੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ, ਜਿਸ ਨਾਲ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਅਤੇ ਲੋਕਾਂ ਨੂੰ ਬੇਲੋੜੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਦੀ ਨਿਕਾਸੀ ਪ੍ਰਣਾਲੀ ਨੂੰ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇਸ ਤਰ੍ਹਾਂ ਦੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।