ਇੰਪੀਰੀਅਲ ਸਕੂਲ ਵਿਖੇ ਬੀ.ਐੱਡ ਦੇ ਭਾਵੀ ਅਧਿਆਪਕਾਂ ਲਈ ‘ਇਕ ਰੋਜ਼ਾ ਸਕੂਲ ਇੰਟਰਨਸ਼ਿਪ ਪ੍ਰੋਗਰਾਮ’ ਕਰਵਾਇਆ
ਅਬੋਹਰ, 8 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਵਿਖੇ ਬੀਤੇ ਦਿਨੀਂ ਡੀ. ਏ.
ਅਬੋਹਰ, 8 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਵਿਖੇ ਬੀਤੇ ਦਿਨੀਂ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ (ਅਬੋਹਰ) ਦੇ ਬੀ.ਐੱਡ. ਦੂਜੇ ਸਾਲ ਦੇ ਭਾਵੀ ਅਧਿਆਪਕਾਂ ਲਈ ਇਕ ਰੋਜ਼ਾ ‘ਸਕੂਲ ਇੰਟਰਨਸ਼ਿਪ ਪ੍ਰੋਗਰਾਮ’ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਹ ਵਿੱਦਿਅਕ ਦੌਰਾ ਕਾਲਜ ਦੇ ਪ੍ਰੋਫ਼ੈਸਰ ਡਾ.ਅਜੇ ਖੋਸਲਾ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰੇ ਦੌਰਾਨ ਅਧਿਆਪਕਾਂ ਨੇ ਸਕੂਲ ਦੀਆਂ ਵੱਖ-ਵੱਖ ਜਮਾਤਾਂ, ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਹੋਰ ਵਿਭਾਗਾਂ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ ਅਤੇ ਸਕੂਲ ਦੇ ਵਿਲੱਖਣ ਵਿੱਦਿਅਕ ਮਾਹੌਲ ਤੇ ਰੋਜ਼ਾਨਾ ਦੀ ਕਾਰਜਪ੍ਰਣਾਲੀ ਨੂੰ ਸਮਝਿਆ। ਵਿਸ਼ੇਸ਼ ਤੌਰ ’ਤੇ ਭਾਵੀ ਅਧਿਆਪਕਾਂ ਨੂੰ ਸਕੂਲ ਵਿਚ ਲਾਗੂ ‘ਲਰਨਿੰਗ ਮੈਨੇਜਮੈਂਟ ਸਿਸਟਮ’ ਅਤੇ ‘ਈ.ਆਰ.ਪੀ’ ਤਕਨਾਲੋਜੀ ਦੀ ਵਿਹਾਰਕ ਸਿਖਲਾਈ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੂੰ ਡਿਜੀਟਲ ਸਿੱਖਿਆ ਅਤੇ ਆਧੁਨਿਕ ਸਕੂਲ ਪ੍ਰਬੰਧਨ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਅਧਿਆਪਕ ਸਿਖਲਾਈ ਦੀ ਸਾਰਥਿਕਤਾ ਉਦੋਂ ਹੀ ਹੈ ਜਦੋਂ ਕਿਤਾਬੀ ਗਿਆਨ ਨੂੰ ਅਸਲ ਜਮਾਤ ਦੇ ਤਜਰਬਿਆਂ ਨਾਲ ਜੋੜਿਆ ਜਾਵੇ। ਅਜਿਹੇ ਪ੍ਰੋਗਰਾਮ ਭਾਵੀ ਅਧਿਆਪਕਾਂ ਨੂੰ ਮੌਜੂਦਾ ਸਮੇਂ ਦੀਆਂ ਚੁਨੌਤੀਆਂ ਲਈ ਤਿਆਰ ਕਰਦੇ ਹਨ। ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਭਾਵੀ ਅਧਿਆਪਕਾਂ ਨਾਲ ਗਿਆਨ ਅਤੇ ਤਜਰਬਿਆਂ ਦਾ ਅਦਾਨ-ਪ੍ਰਦਾਨ ਪੂਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤੀ ਦਿੰਦਾ ਹੈ। ਉਨ੍ਹਾਂ ਖ਼ੁਸ਼ੀ ਜ਼ਾਹਿਰ ਕੀਤੀ ਕਿ ਇੰਪੀਰੀਅਲ ਸਕੂਲ ਨਵੇਂ ਅਧਿਆਪਕਾਂ ਨੂੰ ਆਧੁਨਿਕ ਪ੍ਰਣਾਲੀ ਸਮਝਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰ ਸਕਿਆ।