ਭਾਰਤ-ਪਾਕਿ ਸਰਹੱਦ ’ਤੇ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਸਾਦਕੀ ਬਾਰਡਰ
ਤਪਦੀ ਗਰਮੀ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਦਿਖਾਇਆ ਦੇਸ਼ ਪ੍ਰੇਮ, ਪਾਕਿਸਤਾਨੀ ਦਰਸ਼ਕਾਂ ਨੇ ਵੀ ਵੇਖਿਆ ਭਾਰਤੀ ਸੱਭਿਆਚਾਰਕ ਪ੍ਰੋਗਰਾਮ
ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਸਾਦਕੀ ਬਾਰਡਰ ’ਤੇ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਰਹੱਦ ’ਤੇ ਸਵੇਰੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ 120 ਫੁੱਟ ਉੱਚੇ ਤਿਰੰਗੇ ਨੂੰ ਵੀ ਸਲਾਮੀ ਦਿੱਤੀ ਗਈ।
ਫ਼ਾਜ਼ਿਲਕਾ, 17 ਅਗਸਤ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਸਾਦਕੀ ਬਾਰਡਰ ’ਤੇ ਦੇਸ਼ ਭਗਤੀ ਨਾਲ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਰਹੱਦ ’ਤੇ ਸਵੇਰੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ 120 ਫੁੱਟ ਉੱਚੇ ਤਿਰੰਗੇ ਨੂੰ ਵੀ ਸਲਾਮੀ ਦਿੱਤੀ ਗਈ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਅਤੇ ਬੀ.ਐੱਸ.ਐੱਫ.ਦੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਭਿਆਨਕ ਗਰਮੀ ਅਤੇ ਤਿੱਖੀ ਧੁੱਪ ਦੇ ਬਾਵਜੂਦ ਸਵੇਰ ਤੋਂ ਸ਼ਾਮ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 25 ਹਜ਼ਾਰ ਦਰਸ਼ਕ ਸਾਦਕੀ ਬਾਰਡਰ ’ਤੇ ਪਹੁੰਚੇ। ਟੀਮ ਬੰਗਲਾ (ਸਾਦਕੀ ਬਾਰਡਰ) ਵਲੋਂ ਰੁਪੇਸ਼ ਬਾਂਸਲ, ਉਮੇਸ਼ ਕੁਮਾਰ ਅਤੇ ਹੋਰ ਅਹੁਦੇਦਾਰਾਂ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਤਿਰੰਗੇ ਦੇ ਰੰਗਾਂ ਵਾਲੀਆਂ ਪਹਿਰਾਵਿਆਂ ’ਚ ਦੇਸ਼ ਭਗਤੀ ਨਾਲ ਭਰਪੂਰ ਪੇਸ਼ਕਾਰੀਆਂ ਦਿੱਤੀਆਂ, ਜਦਕਿ ਕਲਾਕਾਰਾਂ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਇਸ ਮੌਕੇ ਜਮਾਲੇ ਗ਼ਰੀਬ ਨਾਵਾਜ਼ ਸਕੂਲ ਫ਼ਾਜ਼ਿਲਕਾ ਵਲੋਂ ਮੁਹੰਮਦ ਬਖ਼ਸ਼ ਅਤੇ ਅਬਦੁਲ ਮੋਦੀਨ ਵਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਸਮਾਗਮ ਵਿਚ ਬੀ.ਐੱਸ.ਐੱਫ.ਦੇ ਕਮਾਂਡੈਂਟ ਅਜੈ ਕੁਮਾਰ, ਅਮਿੱਤ ਸ਼ਰਮਾ, ਐੱਮ.ਐੱਸ.ਬਿਸ਼ਟ ਸਮੇਤ ਹੋਰ ਅਧਿਕਾਰੀ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਣ ਸੁੱਖਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਬੀ.ਐੱਸ.ਐੱਫ.ਅਧਿਕਾਰੀਆਂ ਵਲੋਂ ਸਰਹੱਦ ਦੇ ਜਵਾਨਾਂ ਨੂੰ ਫਲਾਂ ਦੀਆਂ ਟੋਕਰੀਆਂ ਭੇਟ ਕੀਤੀਆਂ ਗਈਆਂ, ਜਦਕਿ ਬਾਰਡਰ ਏਰੀਆ ਵਿਕਾਸ ਫ਼ਰੰਟ ਵਲੋਂ ਅਧਿਕਾਰੀਆਂ ਅਤੇ ਜਵਾਨਾਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਉੱਧਰ, ਪਾਕਿਸਤਾਨੀ ਸਰਹੱਦ ਵੱਲ ਰਿਟਰੀਟ ਸੈਰੇਮਨੀ ਦੇਖਣ ਪਹੁੰਚੇ ਹਜ਼ਾਰਾਂ ਲੋਕਾਂ ਨੇ ਵੀ ਭਾਰਤੀ ਸੱਭਿਆਚਾਰਕ ਪ੍ਰੋਗਰਾਮ ਦੇਖਿਆ। ਸ਼ਾਮ ਨੂੰ ਰਿਟਰੀਟ ਸੈਰੇਮਨੀ ਉਪਰੰਤ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਜੈਕਾਰਿਆਂ ਨਾਲ ਸਾਦਕੀ ਬਾਰਡਰ ਗੂੰਜ ਉੱਠਿਆ। ਰਾਤ ਸਮੇਂ ਸਰਹੱਦੀ ਚੌਕੀ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ।