ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਂਗਣਵਾੜੀ ਸੈਂਟਰ ’ਚੋਂ ਚੋਰੀ ਹੋਏ ਸਿਲੰਡਰ ਦਾ ਨਹੀਂ ਲੱਗ ਸਕਿਆ ਕੋਈ ਥਹੁ ਪਤਾ
ਬੱਲੂਆਣਾ, 1 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ 22 ਅਗਸਤ ਦੀ ਰਾਤ ਨੂੰ ਆਂਗਣਵਾੜੀ ਸੈਂਟਰ ਵਿਚੋਂ ਇਕ ਗੈੱਸ ਸਿਲੰਡਰ ਚੋਰੀ ਹੋ ਗਿਆ ਸੀ। ਪਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਜੇ ਤੱਕ ਚੋਰਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ।
ਬੱਲੂਆਣਾ, 1 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ 22 ਅਗਸਤ ਦੀ ਰਾਤ ਨੂੰ ਆਂਗਣਵਾੜੀ ਸੈਂਟਰ ਵਿਚੋਂ ਇਕ ਗੈੱਸ ਸਿਲੰਡਰ ਚੋਰੀ ਹੋ ਗਿਆ ਸੀ। ਪਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਜੇ ਤੱਕ ਚੋਰਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਦੋਂ ਆਂਗਣਵਾੜੀ ਵਰਕਰ ਸੰਤੋਸ਼ ਬਿਸ਼ਨੋਈ ਅਤੇ ਸੁਖਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 22 ਅਗਸਤ ਦਿਨ ਸ਼ਨੀਵਾਰ ਦੀ ਰਾਤ ਨੂੰ ਚੋਰੀ ਹੋਈ ਸੀ ਅਤੇ ਸੋਮਵਾਰ ਸਵੇਰੇ ਪਤਾ ਲੱਗਣ ’ਤੇ ਉਨ੍ਹਾਂ ਕਰੀਬ 9 ਵਜੇ ਚੌਂਕੀ ਬਜੀਦਪੁਰ ਭੋਮਾ ਵਿਖੇ ਲਿਖਤੀ ਦਰਖ਼ਾਸਤ ਦੇ ਦਿੱਤੀ ਸੀ। ਪਰੰਤੂ 10 ਦਿਨ ਬੀਤ ਜਾਣ ’ਤੇ ਵੀ ਚੋਰੀ ਦਾ ਕੋਈ ਥਹੁ ਪਤਾ ਨਹੀਂ ਚੱਲ ਸਕਿਆ ਅਤੇ ਨਾ ਹੀ ਪੁਲਿਸ ਵਲੋਂ ਕੋਈ ਐਫ.ਆਈ.ਆਰ.ਕੱਟੀ ਗਈ। ਸਗੋਂ ਮਹਿਕਮਾ ਉਨ੍ਹਾਂ ਤੋਂ ਵਾਰ-ਵਾਰ ਐਫ.ਆਈ.ਆਰ.ਦੀ ਕਾਪੀ ਮੰਗ ਰਿਹਾ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਚਾਹੇ ਤਾਂ ਇਕ ਘੰਟੇ ਵਿਚ ਚੋਰ ਲੱਭ ਲਵੇ, ਪਰ ਪਤਾ ਨਹੀਂ ਕਿਉਂ ਪੁਲਿਸ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੀ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੈਂਟਰ ਦਾ ਤਾਲਾ ਤੋੜਿਆ ਨਹੀਂ ਸਗੋਂ ਖੋਲ੍ਹਿਆ ਗਿਆ ਹੈ ਅਤੇ ਚਾਬੀ ਦੋ ਸਬੰਧਿਤ ਹੈਲਪਰਾਂ ਕੋਲ ਹੀ ਹੁੰਦੀ ਹੈ। ਉਨ੍ਹਾਂ ਨੂੰ ਕੱਲ੍ਹ ਚੌਂਕ ਬੁਲਾਇਆ ਗਿਆ ਸੀ ਪਰੰਤੂ ਉਹ ਰੱਖੜੀ ਦੇ ਤਿਉਹਾਰ ਕਾਰਨ ਬਾਹਰ ਗਈਆਂ ਹੋਈਆਂ ਸਨ। ਕੱਲ੍ਹ ਉਨ੍ਹਾਂ ਨੂੰ ਬੁਲਾ ਕੇ ਪੁੱਛ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੌਂਕੀ ਵਿਚ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਅਤੇ ਉਨ੍ਹਾਂ ਨੂੰ ਖ਼ੁਦ ਕੋਰਟ ਦੇ ਕੰਮ ਜ਼ਿਆਦਾ ਹੋਣ ਕਾਰਨ ਮਾਮਲੇ ਦੀ ਪੁੱਛ ਪੜਤਾਲ ’ਚ ਦੇਰੀ ਜ਼ਰੂਰ ਹੋਈ ਹੈ।