ਕਿਸਾਨਾਂ ਦੇ ਹਿੱਤ ’ਚ ਸੈਨਾ ਨੇ ਰੱਦ ਕੀਤਾ ਸਾਲ ਪੁਰਾਣਾ ਸਰਵੇ, ਹੁਣ ਨਵੇਂ ਸਿਰੇ ਤੋਂ ਹੋਵੇਗੀ ਪੜਤਾਲ
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਖੇਤਰ ਵਿਚ ਕਿਸਾਨਾਂ ਅਤੇ ਭਾਰਤੀ ਸੈਨਾ ਵਿਚਕਾਰ ਬਿਹਤਰ ਤਾਲਮੇਲ ਦੀ ਇਕ ਨਵੀਂ ਅਤੇ ਵਧੀਆ ਮਿਸਾਲ ਸਾਹਮਣੇ ਆਈ ਹੈ। ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਯਤਨਾਂ ਨਾਲ ਕਿਸਾਨ ਸੰਘਰਸ਼ ਕਮੇਟੀ ਅਤੇ ਸੈਨਾ ਵਿਚਾਲੇ ਡੈਮ ਨਿਰਮਾਣ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ ਹੁਣ ਸਰਹੱਦੀ ਖੇਤਰ ਦਾ ਨਵੇਂ ਸਿਰੇ ਤੋਂ ਸਰਵੇ ਕੀਤਾ ਜਾਵੇਗਾ।
ਗ
ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕਰਨ ਗਿਲਹੋਤਰਾ ਦਾ ਸਨਮਾਨ ਕਰਦੇ ਹੋਏ। ਅਜੀਤ ਤਸਵੀਰ
05-09-2026
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਸਰਹੱਦੀ ਖੇਤਰ ਵਿਚ ਕਿਸਾਨਾਂ ਅਤੇ ਭਾਰਤੀ ਸੈਨਾ ਵਿਚਕਾਰ ਬਿਹਤਰ ਤਾਲਮੇਲ ਦੀ ਇਕ ਨਵੀਂ ਅਤੇ ਵਧੀਆ ਮਿਸਾਲ ਸਾਹਮਣੇ ਆਈ ਹੈ। ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਯਤਨਾਂ ਨਾਲ ਕਿਸਾਨ ਸੰਘਰਸ਼ ਕਮੇਟੀ ਅਤੇ ਸੈਨਾ ਵਿਚਾਲੇ ਡੈਮ ਨਿਰਮਾਣ ਨੂੰ ਲੈ ਕੇ ਸਹਿਮਤੀ ਬਣਨ ਤੋਂ ਬਾਅਦ ਹੁਣ ਸਰਹੱਦੀ ਖੇਤਰ ਦਾ ਨਵੇਂ ਸਿਰੇ ਤੋਂ ਸਰਵੇ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਫ਼ੌਜ ਨੇ ਕਰੀਬ ਇਕ ਸਾਲ ਪਹਿਲਾ ਤਿਆਰ ਕੀਤੇ ਪੁਰਾਣੇ ਸਰਵੇ ਨੂੰ ਕਿਸਾਨਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਛੱਡਣ ਦਾ ਵੱਡਾ ਫ਼ੈਸਲਾ ਲਿਆ ਹੈ। ਹੁਣ ਨਵੇਂ ਸਿਰੇ ਤੋਂ ਹੋਣ ਵਾਲੇ ਸਰਵੇ ਵਿਚ ਕਿਸਾਨਾਂ ਦੀ ਜ਼ਮੀਨ ਅਤੇ ਉਨ੍ਹਾਂ ਦੇ ਹਿਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਵੀ ਮੁੱਖ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਸੰਘਰਸ਼ ਕਮੇਟੀ ਨੇ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਰਨ ਗਿਲਹੋਤਰਾ ਨਾਲ ਸੰਪਰਕ ਕੀਤਾ ਸੀ ਤਾਂ ਉਹ ਕਮੇਟੀ ਦੇ ਵਫ਼ਦ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਲੈ ਕੇ ਗਏ ਸਨ। ਰਾਜਪਾਲ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਲਈ ਸੈਨਾ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਸਾਰੇ ਮਾਮਲੇ ਨੂੰ ਸੁਲਝਾਉਣ ਵਿਚ ਰਾਜਪਾਲ ਦੀ ਪਹਿਲਕਦਮੀ ਅਤੇ ਦਖ਼ਲ - ਅੰਦਾਜ਼ੀ ਦੀ ਵੀ ਅਹਿਮ ਭੂਮਿਕਾ ਰਹੀ। ਇਸੇ ਪਹਿਲਕਦਮੀ ਤਹਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਵਿਖੇ ਅਰਦਾਸ ਕਰਕੇ ਕਿਸਾਨਾਂ ਅਤੇ ਸੈਨਾ ਵਿਚਕਾਰ ਬਿਹਤਰ ਸਹਿਯੋਗ ਅਤੇ ਦੇਸ਼ ਦੀ ਸੁਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸੰਘਰਸ਼ ਕਮੇਟੀ ਵਲੋਂ ਕਰਨ ਗਿਲਹੋਤਰਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੰਗਤ ਨਾਲ ਲੰਗਰ ਛਕਿਆ। ਕਰਨ ਗਿਲਹੋਤਰਾ ਨੇ ਦੱਸਿਆ ਕਿ ਨਵੇਂ ਸਰਵੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਕਿਸਾਨਾਂ ਦੇ ਹਿਤਾਂ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿਚ ਇੱਕ ਵਾਰ ਫਿਰ ’ਜੈ ਜਵਾਨ, ਜੈ ਕਿਸਾਨ’ ਦੀ ਭਾਵਨਾ ਮਜ਼ਬੂਤ ਹੋਈ ਹੈ। ਇਸ ਮੌਕੇ ਸੰਘਰਸ਼ ਕਮੇਟੀ ਵਲੋਂ ਪਰਮਜੀਤ ਸਿੰਘ ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ, ਹਰੀਸ਼ ਨੱਢਾ, ਲਖਮੀਰ ਸਿੰਘ, ਸੁਖਦੇਵ ਸਿੰਘ ਰਾਣਾ, ਧੀਰਾ ਬਰਾੜ, ਭਜਨ ਲਾਲ, ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ, ਜਰਨੈਲ ਸਿੰਘ ਸਰਪੰਚ ਨੂਰਸ਼ਾਹ, ਨਵਨੀਤ ਨੰਬਰਦਾਰ ਅਤੇ ਚੇਅਰਮੈਨ, ਵਰਿੰਦਰ ਕੁਮਾਰ ਸਰਪੰਚ ਬੁਧੋ ਕੇ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।