ਬਿਨਾਂ ਸਿਰ ਤੋਂ ਮਿਲੀ ਲਾਸ਼ ਦਾ ਅੱਠ ਦਿਨ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ
ਅਬੋਹਰ, 11 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਹਨੂਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਨਹਿਰ ’ਚੋਂ ਕਰੀਬ 8 ਦਿਨ ਪਹਿਲਾਂ ਮਿਲੀ ਅਣਪਛਾਤੇ ਨੌਜਵਾਨ ਦੀ ਦੇਹ ਦੀ ਸ਼ਨਾਖ਼ਤ ਨਾ ਹੋਣ ਅਤੇ ਪੁਲਿਸ ਵਲੋਂ ਪੋਸਟਮਾਰਟਮ ਨਾ ਕਰਵਾਏ ਜਾਣ ’ਤੇ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਪ੍ਰਧਾਨ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸਮਿਤੀ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਕਰੀਬ 8 ਦਿਨ ਪਹਿਲਾਂ ਨਹਿਰ ’ਚੋਂ ਇੱਕ ਲਾਸ਼ ਮਿਲੀ ਸੀ, ਜਿਸ ਦਾ ਸਿਰ, ਹੱਥ ਤੇ ਪੈਰ ਕੱਟੇ ਹੋਏ ਸਨ।
ਅਬੋਹਰ, 11 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਹਨੂਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਨਹਿਰ ’ਚੋਂ ਕਰੀਬ 8 ਦਿਨ ਪਹਿਲਾਂ ਮਿਲੀ ਅਣਪਛਾਤੇ ਨੌਜਵਾਨ ਦੀ ਦੇਹ ਦੀ ਸ਼ਨਾਖ਼ਤ ਨਾ ਹੋਣ ਅਤੇ ਪੁਲਿਸ ਵਲੋਂ ਪੋਸਟਮਾਰਟਮ ਨਾ ਕਰਵਾਏ ਜਾਣ ’ਤੇ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਰਾਇਣ ਸੇਵਾ ਸਮਿਤੀ’ ਦੇ ਪ੍ਰਧਾਨ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸਮਿਤੀ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਕਰੀਬ 8 ਦਿਨ ਪਹਿਲਾਂ ਨਹਿਰ ’ਚੋਂ ਇੱਕ ਲਾਸ਼ ਮਿਲੀ ਸੀ, ਜਿਸ ਦਾ ਸਿਰ, ਹੱਥ ਤੇ ਪੈਰ ਕੱਟੇ ਹੋਏ ਸਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ’ਚ ਸੁੱਟਿਆ ਗਿਆ ਸੀ। ਮ੍ਰਿਤਕ ਨੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਲਾਸ਼ ਪੁਰਾਣੀ ਹੋਣ ਕਾਰਨ ਉਸ ਦੀ ਪਛਾਣ ਕਰਨੀ ਔਖੀ ਸੀ। ਪੁਲਿਸ ਨੇ ਸੰਸਥਾ ਦੀ ਮਦਦ ਨਾਲ ਦੇਹ ਨੂੰ ਸ਼ਨਾਖ਼ਤ ਤੇ ਪੋਸਟਮਾਰਟਮ ਲਈ ਰਖਵਾਇਆ ਸੀ ਪਰ 8 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਸੰਸਥਾ ਦੇ ਹਵਾਲੇ ਨਹੀਂ ਕੀਤੀ। ਰਾਜੂ ਚਰਾਇਆ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਣਪਛਾਤੀਆਂ ਦੇਹਾਂ ਦੀ ਪਛਾਣ ਲਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਿਹਾ। ਪੁਲਿਸ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਦੇ ਥਾਣਿਆਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਜਾਂਦਾ। ਉਨ੍ਹਾਂ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਬੀਤੇ ਦਿਨੀਂ ਇੰਦਰਾ ਨਗਰੀ ’ਚ ਵੀ ਇੱਕ ਵਿਅਕਤੀ ਦੀ ਦੇਹ ਝਾੜੀਆਂ ’ਚੋਂ ਮਿਲੀ ਸੀ ਜਿਸ ਨੂੰ ਪੁਲਿਸ ਨੇ ਵਾਰਿਸਾਂ ਦਾ ਪਤਾ ਲਗਾ ਕੇ ਬਿਨਾਂ ਪੋਸਟਮਾਰਟਮ ਕਰਵਾਏ ਹੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਰਾਜੂ ਚਰਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਸੰਸਥਾ ਚਲਾਉਂਦਿਆਂ 26 ਸਾਲ ਹੋ ਗਏ ਹਨ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਪੁਲਿਸ ਨੇ ਐੱਸ.ਡੀ.ਐਮ. ਦੀ ਮਨਜ਼ੂਰੀ ਤੋਂ ਬਿਨਾਂ ਹੀ ਦੇਹ ਸਿੱਧੀ ਪਰਿਵਾਰ ਨੂੰ ਸੌਂਪ ਦਿੱਤੀ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਤੋਂ ਭੱਜ ਰਿਹਾ ਹੈ ਤੇ ਕਿਸੇ ਮਾਮਲੇ ਦੀ ਜਾਂਚ ਨਹੀਂ ਕਰਨਾ ਚਾਹੁੰਦਾ।