ਜਨਗਣਨਾ 2027 ਦੂਜੇ ਫ਼ੇਜ਼ ਸੰਬੰਧੀ ਫ਼ਾਜ਼ਿਲਕਾ ਵਿਖੇ ਫ਼ੀਲਡ ਟਰੇਨਰਾਂ ਦੀ ਤਿੰਨ ਦਿਨਾ ਸਿਖਲਾਈ ਹੋਈ ਮੁਕੰਮਲ
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ) - ਜਨਗਣਨਾ 2027 ਦੇ ਦੂਜੇ ਫ਼ੇਜ਼ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ.
ਫ਼
ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਗਣਨਾ 2027 ਦੇ ਦੂਜੇ ਫ਼ੇਜ਼ ਦੀ ਟਰੇਨਿੰਗ ਦੌਰਾਨ ਏ.ਡੀ.ਸੀ. ਡਾ.ਮਨਦੀਪ ਕੌਰ, ਸੈਂਸਜ਼ ਵਿਭਾਗ ਦੇ ਜੁਆਇੰਟ ਡਾਇਰੈਕਟਰ ਆਰ.ਪੀ. ਸਿੰਘ ਤੇ ਹੋਰ ਅਧਿਕਾਰੀ। ਅਜੀਤ ਤਸਵੀਰ
24-09-2026
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ) - ਜਨਗਣਨਾ 2027 ਦੇ ਦੂਜੇ ਫ਼ੇਜ਼ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੈਂਸਜ 2027 ਦੇ ਦੂਜੇ ਫ਼ੇਜ਼ (ਆਬਾਦੀ ਦੀ ਗਣਨਾ) ਸਬੰਧੀ ਫ਼ੀਲਡ ਟਰੇਨਰਾਂ ਦੀ 3 ਰੋਜ਼ਾ ਟਰੇਨਿੰਗ ਸਫਲਤਾਪੂਰਵਕ ਮੁਕੰਮਲ ਹੋ ਗਈ।21 ਸਤੰਬਰ ਤੋਂ 23 ਸਤੰਬਰ ਤੱਕ ਚੱਲੀ ਇਸ ਟਰੇਨਿੰਗ ਦੌਰਾਨ ਸੈਂਸਜ ਵਿਭਾਗ ਚੰਡੀਗੜ੍ਹ ਤੋਂ ਜੁਆਇੰਟ ਡਾਇਰੈਕਟਰ ਆਰ.ਪੀ. ਸਿੰਘ, ਸੈਂਸਜ ਕੋਆਰਡੀਨੇਟਰ ਫ਼ਾਜ਼ਿਲਕਾ ਕਾਰਤਿਕ ਆਰਿਆ ਤੇ ਮਾਸਟਰ ਟਰੇਨਰ ਫ਼ਾਜ਼ਿਲਕਾ ਦੇ ਲੈਕਚਰਾਰ ਸੰਦੀਪ ਅਨੇਜਾ ਵਲੋਂ 40 ਫ਼ੀਲਡ ਟਰੇਨਰਾਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਸੈਂਸਜ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਨਿਯੁਕਤ ਸਾਰੇ ਫ਼ੀਲਡ ਟਰੇਨਰਾਂ ਨੂੰ ਟਰੇਨਿੰਗ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਬਿਹਤਰੀਨ ਸਿਖਲਾਈ ਦੇ ਸਕਣ। ਟਰੇਨਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਸੈਂਸਜ ਅਫ਼ਸਰ ਫ਼ਾਜ਼ਿਲਕਾ ਡਾ.ਮਨਦੀਪ ਕੌਰ ਵਲੋਂ ਫ਼ੀਲਡ ਟਰੇਨਰਾਂ ਨੂੰ ਟਰੇਨਿੰਗ ਕਿੱਟਾਂ ਵੰਡਦਿਆਂ ਹਦਾਇਤ ਕੀਤੀ ਗਈ ਕਿ ਜਨਗਣਨਾ ਦੇ ਕੰਮਾਂ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਤੇ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਤੇ ਸਮੇਂ ਸਿਰ ਨਿਭਾਈਆਂ ਜਾਣ। ਟਰੇਨਿੰਗ ਦੇ ਆਖ਼ਰੀ ਦਿਨ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ ਤੇ ਟਰੇਨਰਾਂ ਨੇ ਫ਼ੀਲਡ ਵਿਚ ਜਾ ਕੇ ਮੋਬਾਈਲ ਐਪ ਉੱਪਰ ਡਾਟਾ ਭਰਨ ਦਾ ਅਭਿਆਸ ਕੀਤਾ। ਜੁਆਇੰਟ ਡਾਇਰੈਕਟਰ ਆਰ.ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਆਬਾਦੀ ਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ। 4 ਜਨਵਰੀ ਦੀ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਹੋਵੇਗੀ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ 16 ਨਵੰਬਰ ਤੋਂ 30 ਨਵੰਬਰ 2026 ਤੱਕ 15 ਦਿਨਾਂ ਲਈ ਆਨਲਾਈਨ ਪੋਰਟਲ ਖੋਲ੍ਹਿਆ ਜਾਵੇਗਾ ਜਿਸ ਰਾਹੀਂ ਹਰ ਵਿਅਕਤੀ ਸੈਲਫ਼-ਇਨਯੂਮਰੇਸ਼ਨ (ਖ਼ੁਦ ਆਨਲਾਈਨ ਜਾਣਕਾਰੀ ਦਰਜ ਕਰਨ) ਦੀ ਸੁਵਿਧਾ ਦਾ ਲਾਭ ਲੈ ਸਕੇਗਾ। ਪੂਰੀ ਜਨਗਣਨਾ ਡਿਜੀਟਲ ਮੋਡ ਰਾਹੀਂ ਸਮਾਪਤ ਹੋਵੇਗੀ।ਇਸ ਮੌਕੇ ਲਖਵਿੰਦਰ ਸਿੰਘ (ਡਿਪਟੀ ਈ.ਐੱਸ.ਏ.-ਕਮ-ਵਧੀਕ ਜ਼ਿਲ੍ਹਾ ਸੈਂਸਜ਼ ਅਫ਼ਸਰ), ਅਮਨ ਗਿਰਧਰ, ਸੁਰਿੰਦਰ ਕੰਬੋਜ, ਰਾਕੇਸ਼, ਜ਼ਿਲ੍ਹਾ ਸੈਂਸਜ਼ ਸੈੱਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ ਅਤੇ ਵਰਿੰਦਰ ਨਾਰੰਗ ਵੀ ਹਾਜ਼ਰ ਸਨ।