ਇਕ ਹਫ਼ਤਾ ਬੀਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਅਬੋਹਰ ਦਾ ਰਿਪੋਰਟ ਕਾਰਡ ਪੇਸ਼ ਨਹੀਂ ਕਰ ਸਕੀ, ਨਿੱਜੀ ਟਿੱਪਣੀਆਂ ਦੀ ਬਜਾਏ ਕੰਮ ਦਾ ਹਿਸਾਬ ਦੇਵੇ ਸਰਕਾਰ- ਸੰਦੀਪ ਜਾਖੜ
ਅਬੋਹਰ, 28 ਸਤੰਬਰ (ਵਿਵੇਕ ਹੂੜੀਆ)- ਅਬੋਹਰ ਵਿਧਾਨ ਸਭਾ ਹਲਕੇ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਮੰਗਣ ਦੇ ਮਾਮਲੇ ’ਚ ਵਿਧਾਇਕ ਸੰਦੀਪ ਜਾਖੜ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਥਾਨਕ ਆਗੂਆਂ ਅਤੇ ਨਾ ਹੀ ਜ਼ਿਲ੍ਹਾ ਪੱਧਰੀ ਪਾਰਟੀ ਲੀਡਰਸ਼ਿਪ ਵਲੋਂ ਕੋਈ ਜਵਾਬ ਦਿੱਤਾ ਗਿਆ ਹੈ।
ਅਬੋਹਰ, 28 ਸਤੰਬਰ (ਵਿਵੇਕ ਹੂੜੀਆ)- ਅਬੋਹਰ ਵਿਧਾਨ ਸਭਾ ਹਲਕੇ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਮੰਗਣ ਦੇ ਮਾਮਲੇ ’ਚ ਵਿਧਾਇਕ ਸੰਦੀਪ ਜਾਖੜ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਥਾਨਕ ਆਗੂਆਂ ਅਤੇ ਨਾ ਹੀ ਜ਼ਿਲ੍ਹਾ ਪੱਧਰੀ ਪਾਰਟੀ ਲੀਡਰਸ਼ਿਪ ਵਲੋਂ ਕੋਈ ਜਵਾਬ ਦਿੱਤਾ ਗਿਆ ਹੈ। ਜਾਖੜ ਨੇ ਕਿਹਾ ਕਿ ਉਨ੍ਹਾਂ ਸਿਰਫ਼ ਅਬੋਹਰ ਦੇ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ ਸੀ ਪਰ ਰਿਪੋਰਟ ਕਾਰਡ ਪੇਸ਼ ਕਰਨ ਦੀ ਬਜਾਏ ਸਿਰਫ਼ ਰਾਜਨੀਤਿਕ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਦੀਵਾਨ ਖੇੜਾ ਵਿਖੇ ਇਕ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਉੱਥੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਵਲੋਂ ਸਰਕਾਰ ਦਾ ਰਿਪੋਰਟ ਕਾਰਡ ਦੇਣ ਦੀ ਬਜਾਏ ਨਿੱਜੀ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੰਚ ਤੋਂ ‘ਜਾਖੜਾਂ ਦੇ ਪਾਲਤੂ ਕੁੱਤੇ’ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਤੇ ਹਾਜ਼ਰ ਆਗੂਆਂ ਵਲੋਂ ਤਾਲੀਆਂ ਵਜਾਉਣਾ ਚਿੰਤਾਜਨਕ ਹੈ। ਜਾਖੜ ਨੇ ਅਰਵਿੰਦ ਕੇਜਰੀਵਾਲ ਤੋਂ ਸਵਾਲ ਕੀਤਾ ਕਿ ਕੀ ਆਮ ਆਦਮੀ ਪਾਰਟੀ ਦੀ ਇਹੀ ਰਾਜਨੀਤਿਕ ਸੋਚ ਹੈ? ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਮਿਲੇ ਸੰਸਕਾਰ ਕਿਸੇ ਲਈ ਵੀ ਅਜਿਹੇ ਮੰਦੇ ਸ਼ਬਦ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ। ਸੰਦੀਪ ਜਾਖੜ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਸਵਾਲ ਅੱਜ ਵੀ ਉਹੀ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਬੋਹਰ ਲਈ ਕਿੰਨੀ ਗਰਾਂਟ ਆਈ, ਕਿਹੜੇ ਵੱਡੇ ਵਿਕਾਸ ਕਾਰਜ ਹੋਏ, ਕਿਹੜੇ ਪ੍ਰੋਜੈਕਟ ਪੂਰੇ ਹੋਏ ਤੇ ਲੋਕਾਂ ਦੀਆਂ ਕਿਹੜੀਆਂ ਸਮੱਸਿਆਵਾਂ ਦਾ ਹੱਲ ਹੋਇਆ। ਉਨ੍ਹਾਂ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਖ਼ੁਦ ਜਾਂ ਫ਼ਾਜ਼ਿਲਕਾ ਜ਼ਿਲ੍ਹੇ ਦਾ ਕੋਈ ਜ਼ਿੰਮੇਵਾਰ ਨੇਤਾ ਅਬੋਹਰ ਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਪੇਸ਼ ਕਰੇ। ਸਰਕਾਰ ਨੂੰ ਜਨਤਾ ਦੇ ਸਾਹਮਣੇ ਆਪਣੇ ਕੰਮ ਦਾ ਪੂਰਾ ਵੇਰਵਾ ਰੱਖਣਾ ਚਾਹੀਦਾ ਹੈ।