ਨੌਜਵਾਨ ਦੀ ਰੇਲਗੱਡੀ ਹੇਠ ਆ ਕੇ ਮੌਤ
ਜਲਾਲਾਬਾਦ, 28 ਸਤੰਬਰ (ਜਤਿੰਦਰ ਪਾਲ ਸਿੰਘ)- ਬੀਤ ਸ਼ਾਮ ਲਗਭਗ 6 ਵਜੇ ਦੇ ਕਰੀਬ ਜਲਾਲਾਬਾਦ ਦੇ ਡੀ. ਏ.
ਜਲਾਲਾਬਾਦ, 28 ਸਤੰਬਰ (ਜਤਿੰਦਰ ਪਾਲ ਸਿੰਘ)- ਬੀਤ ਸ਼ਾਮ ਲਗਭਗ 6 ਵਜੇ ਦੇ ਕਰੀਬ ਜਲਾਲਾਬਾਦ ਦੇ ਡੀ.ਏ.ਵੀ. ਕਾਲਜ ਹਾਲਟ ਦੇ ਨੇੜੇ ਇਕ ਨੌਜਵਾਨ ਦੀ ਫ਼ਾਜ਼ਿਲਕਾ ਤੋਂ ਆ ਰਹੀ ਰੇਲ ਗੱਡੀ ਥੱਲੇ ਆ ਕੇ ਮੌਤ ਹੋ ਗਈ। ਇਸ ਦਾ ਪਤਾ ਲਗਦੇ ਹੀ ਮੌਕੇ ’ਤੇ ਕਾਫ਼ੀ ਭੀੜ ਇਕੱਠੀ ਹੋ ਗਈ ਤੇ ਫ਼ਾਜ਼ਿਲਕਾ ਤੋਂ ਆ ਰਹੀ ਰਿਵਾੜੀ ਮੇਲ ਨੰਬਰ 53786 ਕਾਫ਼ੀ ਦੇਰ ਤੱਕ ਸਟੇਸ਼ਨ ’ਤੇ ਹੀ ਖੜੀ ਰਹੀ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ ਪੁੱਤਰ ਅਮਰ ਸਿੰਘ, ਸ਼ਹੀਦ ਊਧਮ ਸਿੰਘ ਨਗਰ ਮੰਨੇ ਵਾਲਾ ਦਾ ਵਾਸੀ ਸੀ ਤੇ ਘੁਬਾਇਆ ਵਿਖੇ ਇਸ ਦੀ ਚੁਗਾਠਾਂ ਦੀ ਦੁਕਾਨ ਸੀ। ਮ੍ਰਿਤਕ ਦਾ ਪਿਤਾ ਹਲਵਾਈ ਦਾ ਕੰਮ ਕਰਦਾ ਹੈ ਤੇ ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇਕੱਲਾ ਲੜਕਾ ਸੀ ਤੇ ਅਜੇ ਕਵਾਰਾ ਸੀ। ਮ੍ਰਿਤਕ ਦਾ ਸਾਈਕਲ ਵੀ ਸਟੇਸ਼ਨ ਤੋਂ ਕੁੱਝ ਦੂਰ ’ਤੇ ਖੜ੍ਹਾ ਮਿਲਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਪੱਠੇ ਲੈਣ ਲਈ ਸਾਈਕਲ ’ਤੇ ਆਇਆ ਸੀ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਮ੍ਰਿਤਕ ਦੇ ਖ਼ੁਦਕੁਸ਼ੀ ਕੀਤੀ ਹੈ ਜਾਂ ਕੋਈ ਹਾਦਸਾ ਵਾਪਰਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਸੰਭਾਲ ਕੇ ਫ਼ਾਜ਼ਿਲਕਾ ਵਿਖੇ ਮੁਰਦਾ ਘਰ ਵਿਖੇ ਭੇਜ ਦਿੱਤਾ ਗਿਆ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।