ਸੂਬਾ ਪ੍ਰਧਾਨ ਦੀ ਆਮਦ ਮੌਕੇ ਵੀ ਕਾਂਗਰਸੀ ਆਪਸੀ ਏਕਤਾ ਨਾ ਦਿਖਾ ਸਕੇ
ਸੱਥਾਂ ਵਿਚ ਚਰਚਾ ਹੈ ਕਿ ਕਾਂਗਰਸ ਕਿਵੇਂ ਕਰੇਗੀ 2027 ਮਿਸ਼ਨ ਦਾ ਸੁਪਨਾ ਪੂਰਾ
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਕਾਂਗਰਸ ਹਾਈਕਮਾਨ ਨੇ ਪੰਜਾਬ ਅੰਦਰ ਚੋਣਾਂ ਜਿੱਤਣ ਲਈ 2027 ਦਾ ਮਿਸ਼ਨ ਪੂਰਾ ਕਰਨ ਲਈ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਦੀ ਵਾਗਡੋਰ ਦਿੱਤੀ ਪਰ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਫ਼ਾਜ਼ਿਲਕਾ ਆਮਦ ਮੌਕੇ ਕਿਸ ਤਰ੍ਹਾਂ ਕਾਂਗਰਸ ਦੀ ਆਪਸੀ ਧੜੇਬੰਦੀ ਜੱਗ ਜ਼ਾਹਿਰ ਹੋਈ ਉਸ ਤੋਂ ਜਾਪਦਾ ਹੈ ਕਿ ਹਾਈਕਮਾਨ ਦਾ 2027 ਦਾ ਮਿਸ਼ਨ ਕਿਵੇਂ ਪੂਰਾ ਹੋਵੇਗਾ। ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਖ਼ਰਾਬ ਹੋਏ ਝੋਨੇ ਦੇ ਪੀੜਤ ਕਿਸਾਨਾਂ, ਆੜ੍ਹਤੀਆਂ ਦੇ ਦੁੱਖ ਸੁਣਨ ਲਈ ਕਾਂਗਰਸ ਸੂਬਾ ਪ੍ਰਧਾਨ ਪਰਗਟ ਸਿੰਘ ਪੁੱਜੇ।
ਫ਼ਾਜ਼ਿਲਕਾ, 14 ਅਕਤੂਬਰ (ਦਵਿੰਦਰ ਪਾਲ ਸਿੰਘ)- ਕਾਂਗਰਸ ਹਾਈਕਮਾਨ ਨੇ ਪੰਜਾਬ ਅੰਦਰ ਚੋਣਾਂ ਜਿੱਤਣ ਲਈ 2027 ਦਾ ਮਿਸ਼ਨ ਪੂਰਾ ਕਰਨ ਲਈ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਦੀ ਵਾਗਡੋਰ ਦਿੱਤੀ ਪਰ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਫ਼ਾਜ਼ਿਲਕਾ ਆਮਦ ਮੌਕੇ ਕਿਸ ਤਰ੍ਹਾਂ ਕਾਂਗਰਸ ਦੀ ਆਪਸੀ ਧੜੇਬੰਦੀ ਜੱਗ ਜ਼ਾਹਿਰ ਹੋਈ ਉਸ ਤੋਂ ਜਾਪਦਾ ਹੈ ਕਿ ਹਾਈਕਮਾਨ ਦਾ 2027 ਦਾ ਮਿਸ਼ਨ ਕਿਵੇਂ ਪੂਰਾ ਹੋਵੇਗਾ। ਫ਼ਾਜ਼ਿਲਕਾ ਅਨਾਜ ਮੰਡੀ ਅੰਦਰ ਖ਼ਰਾਬ ਹੋਏ ਝੋਨੇ ਦੇ ਪੀੜਤ ਕਿਸਾਨਾਂ, ਆੜ੍ਹਤੀਆਂ ਦੇ ਦੁੱਖ ਸੁਣਨ ਲਈ ਕਾਂਗਰਸ ਸੂਬਾ ਪ੍ਰਧਾਨ ਪਰਗਟ ਸਿੰਘ ਪੁੱਜੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵਲੋਂ ਦੋ ਵੱਖਰੇ-ਵੱਖਰੇ ਪ੍ਰੋਗਰਾਮ ਰੱਖੇ ਗਏ। ਦੇਰ ਸ਼ਾਮ ਸੂਬਾ ਪ੍ਰਧਾਨ ਫ਼ਾਜ਼ਿਲਕਾ ਪੁੱਜੇ ਤਾਂ ਉਸ ਸਮੇਂ ਵਰਕਰਾਂ ਨੇ ਮਿਲਣ ਲਈ ਉਨ੍ਹਾਂ ਨੂੰ ਘੇਰ ਲਿਆ। ਨਾਲ ਆਏ ਆਗੂਆਂ ਨੇ ਉਨ੍ਹਾਂ ਨੂੰ ਮੁਸ਼ਕਿਲ ਨਾਲ ਇਕ ਕਿਸਾਨ ਦੀ ਢੇਰੀ ’ਤੇ ਪਹੁੰਚਾਇਆ ਜਿੱਥੇ ਇਕ ਬਜ਼ੁਰਗ ਕਿਸਾਨ ਨੇ ਭਰੇ ਮੰਨ ਨਾਲ ਖ਼ਰਾਬ ਹੋਏ ਝੋਨੇ ਬਾਰੇ ਦੱਸਿਆ। ਸੂਬਾ ਪ੍ਰਧਾਨ ਪਰਗਟ ਸਿੰਘ ਮੰਡੀ ਵਿਚ ਹੋਰ ਥਾਂ ’ਤੇ ਕਿਸਾਨਾਂ ਦੇ ਦੁਖੜੇ ਸੁਣਨ ਜਾਂਦੇ ਜਦਕਿ ਨਾਲ ਆਏ ਆਗੂ ਉਨ੍ਹਾਂ ਨੂੂੰ ਆੜ੍ਹਤੀਆਂ ਦੇ ਵਫ਼ਦ ਕੋਲ ਲੈ ਗਏ ਜਿੱਥੇ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਕੋਸਿਆ। ਉਪਰੰਤ ਸੂਬਾ ਪ੍ਰਧਾਨ ਪਰਗਟ ਸਿੰਘ ਸ਼ੇਰ ਸਿੰਘ ਘੁਬਾਇਆ ਵਲੋਂ ਆਪਣੇ ਦਫ਼ਤਰ ਵਿਚ ਰੱਖੇ ਪ੍ਰੋਗਰਾਮ ’ਤੇ ਗਏ ਜਿੱਥੇ ਨਾਲ ਆਏ ਸਾਰੇ ਆਗੂ ਘੁਬਾਇਆ ਦੇ ਸਮਾਗਮ ਵਾਲੀ ਜਗ੍ਹਾ ’ਤੇ ਪੁੱਜੇ। ਜਿੱਥੇ ਸੂਬਾ ਪ੍ਰਧਾਨ ਨੇ ਵੱਖ-ਵੱਖ ਪਾਰਟੀ ਵਰਕਰਾਂ ਨੂੰ ਮਿਲੇ ਅਤੇ ਚਾਹ ਪਾਣੀ ਵਿਚ ਸ਼ਾਮਿਲ ਹੋਏ। ਦਿੱਤੇ ਸਮੇਂ ਤੋਂ ਦੇਰੀ ਨਾਲ ਪੁੱਜੇ ਸੂਬਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਰੱਖੇ ਸਮਾਗਮ ਵਿਚ ਪੁੱਜੇ ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਵਰਕਰਾਂ ਨੂੰ ਇਕੱਠੇ ਚੱਲਣ ਦਾ ਪਾਠ ਪੜ੍ਹਾਇਆ ਅਤੇ ਉਨ੍ਹਾਂ ਕਿਹਾ ਕਿ ਲੜਾਈ ਨਾਲ ਅੱਜ ਤੱਕ ਕੋਈ ਪ੍ਰਾਪਤੀ ਨਹੀਂ ਕਰ ਸਕਿਆ। ਧੜੇਬੰਦੀ ਨੂੰ ਦੇਖ ਉਨ੍ਹਾਂ ਨੂੰ ਇਹ ਗੱਲ ਕਹਿਣੀ ਪਈ ਕਿ ਉਹ ਜਲਦੀ ਹੀ ਇੱਥੋਂ ਦੇ ਵਰਕਰਾਂ ਨੂੰ ਚੰਡੀਗੜ੍ਹ ਬੁਲਾਉਣਗੇ। ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਪ੍ਰਧਾਨ ਦੀ ਆਮਦ ਨੂੰ ਲੈ ਕੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਇਕ ਜਗ੍ਹਾ ’ਤੇ ਇਕੱਠਾ ਕੀਤਾ ਗਿਆ ਸੀ ਜਿਸ ਵਿਚ ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਸਾਬਕਾ ਵਿਧਾਇਕ, ਟਿਕਟ ਪ੍ਰਾਪਤੀ ਦੇ ਚਾਹਵਾਨ, ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਦੀ ਆਮਦ ਮੌਕੇ ਵੱਖਰੇ ਸਮਾਗਮ ਕਰਨਾ ਪਾਰਟੀ ਲਈ ਸ਼ੁੱਭ ਸੰਕੇਤ ਨਹੀਂ ਹਨ। ਇਸ ਤਰ੍ਹਾਂ ਸੂਬਾ ਪ੍ਰਧਾਨ ਨੇ ਆਪਣੇ ਪਾਰਟੀ ਦੇ ਸਾਰੇ ਆਗੂਆਂ ਨੂੰ ਖ਼ੁਸ਼ ਕਰਨ ਲਈ ਜ਼ਿਆਦਾ ਸਮਾਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਲਈ ਘੱਟ ਹੀ ਸਮਾਂ ਕੱਢਿਆ। ਇਲਾਕੇ ਵਿਚ ਇਸ ਗੱਲ ਦੀ ਹਾਸੋਹੀਣੀ ਚਰਚਾ ਛਿੜੀ ਹੋਈ ਹੈ ਕਿ ਇਕ ਪਾਸੇ ਪਾਰਟੀ 2027 ਮਿਸ਼ਨ ਨੂੰ ਸਫਲ ਕਰਨ ਲਈ ਵੱਡੇ ਦਾਅਵੇ ਕਰ ਰਹੀ ਹੈ ਅਤੇ ਦੂਸਰੇ ਪਾਸੇ ਕਾਂਗਰਸ ਦਾ ਕਿਸੇ ਸਮੇਂ ਗੜ੍ਹ ਕਹੇ ਜਾਣ ਵਾਲੇ ਜ਼ਿਲ੍ਹੇ ਫ਼ਾਜ਼ਿਲਕਾ ਅੰਦਰ ਸੂਬਾ ਪ੍ਰਧਾਨ ਦੀ ਆਮਦ ’ਤੇ ਵੀ ਕਾਂਗਰਸੀ ਆਪਣੀ ਏਕਤਾ ਨਹੀਂ ਦਿਖਾ ਸਕੇ।