ਲੋਕਾਂ ਦਾ ਕਹਿਣਾ ਕਿ ਟਿਕਟ ਮਿਲਣਾ ਜਿੱਤ ਦਾ ਸਰਟੀਫਿਕੇਟ ਨਹੀਂ , ਅਸਲ ਇਮਤਿਹਾਨ ਤਾਂ 2027 ਦੀਆਂ ਚੋਣਾਂ ਵਿਚ ਹੀ ਹੋਵੇਗਾ
ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਦਾ ਕਿਸੇ ਸਮੇਂ ਵੀ ਘੜਿਆਲ ਖੜਕ ਸਕਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਸਿਆਸੀ ਕੁਰਸੀ ’ਤੇ ਬੈਠਣ ਲਈ ਨਵੀਆਂ ਵਿਉਂਤਾਂ ਗੁੰਦ ਰਹੀਆਂ ਹਨ।
ਫ਼ਾਜ਼ਿਲਕਾ, 13 ਨਵੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ ਦਾ ਕਿਸੇ ਸਮੇਂ ਵੀ ਘੜਿਆਲ ਖੜਕ ਸਕਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਸਿਆਸੀ ਕੁਰਸੀ ’ਤੇ ਬੈਠਣ ਲਈ ਨਵੀਆਂ ਵਿਉਂਤਾਂ ਗੁੰਦ ਰਹੀਆਂ ਹਨ। ਪੰਜਾਬ ’ਤੇ ਰਾਜ ਕਰ ਰਹੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਲੋਂ 70 ਦੇ ਕਰੀਬ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਵੀ ਹੋ ਗਿਆ ਹੈ। ਪਹਿਲਾਂ ਤਿੰਨ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਹਨ ਜਦ ਕਿ ਅਬੋਹਰ ਤੋਂ ਸੰਦੀਪ ਜਾਖੜ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਸਨ। ਹੁਣ ਅਬੋਹਰ ਤੋਂ ਪੁਰਾਣੇ ਸਿਆਸੀ ਘੁਲਾਟੀਏ , ਪੰਜਾਬ ਦੇ ਮਸ਼ਹੂਰ ਸ਼ਰਾਬ ਦੇ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਨੂੰਹ ਡਾ.ਸੁਹਾਨੀ ਡੋਡਾ ਨੂੰ ਟਿਕਟ ਦਿੱਤੀ ਗਈ ਹੈ। ਫ਼ਾਜ਼ਿਲਕਾ ਅਤੇ ਜਲਾਲਾਬਾਦ ਹਲਕਿਆਂ ਤੋਂ ਪਹਿਲੀ ਸੂਚੀ ਵਿਚ ਹੀ ਉਮੀਦਵਾਰਾਂ ਦੇ ਨਾਂਅ ਆ ਗਏ ਸਨ। ਦੂਸਰੀ ਲਿਸਟ ਵਿਚ ਬੱਲੂਆਣਾ ਅਤੇ ਅਬੋਹਰ ਹਲਕੇ ਦੇ ਉਮੀਦਵਾਰਾਂ ਦਾ ਐਲਾਨ ਵੀ ਹੋ ਗਿਆ ਹੈ ਪਰ ਜੋ ਗੱਲ ਬੜੀ ਦਿਲਚਸਪ ਸਾਹਮਣੇ ਆਈ ਹੈ ਕਿ ਐਲਾਨੇ ਗਏ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕ ਢੋਲ ਢਮੱਕੇ, ਲੱਡੂ ਵੰਡਦੇ ਹੋਏ ਇਕ ਦੂਸਰੇ ਨਾਲ ਭੰਗੜੇ ਪਾਉਂਦੇ ਅਤੇ ਨਾਅਰੇ ਗੂੰਜਾਂ ਰਹੇ ਹਨ, ਪਰ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਇਹ ਕੋਈ ਜਿੱਤ ਦੇ ਸਰਟੀਫਿਕੇਟ ਨਹੀਂ ਇਹ ਤਾਂ ਲੋਕ ਕਚਹਿਰੀ ਅੰਦਰ ਲਗਾਤਾਰ ਦੂਸਰੀ ਵਾਰ ਜਾ ਕੇ ਆਪਣੇ ਕੀਤੇ ਕੰਮਾਂ ਦਾ ਹਿਸਾਬ ਮੰਗਣਾ ਹੋਵੇਗਾ। 2022 ਅੰਦਰ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ਨਾਲ ਪੰਜਾਬ ਅੰਦਰ ਇਕ ਨਵਾਂ ਬਦਲਾਅ ਆਇਆ ਸੀ। ਜਦ ਕਿ ਹੁਣ 2027 ਦੀਆਂ ਇਨ੍ਹਾਂ ਚੋਣਾਂ ਅੰਦਰ ਸਰਕਾਰ ਅਤੇ ਵਿਧਾਇਕਾਂ ਦੀ ਆਪਣੀ ਕਾਰਗੁਜ਼ਾਰੀ ਦਾ ਨਿਬੇੜਾ ਹੋਵੇਗਾ। ਲੋਕ ਸੱਥਾਂ ’ਤੇ ਇਹ ਗੱਲ ਭਾਰੀ ਚਰਚਾ ਵਿਚ ਹੈ ਕਿ ਪਾਰਟੀ ਵਲੋਂ ਦੁਬਾਰਾ ਟਿਕਟ ਮਿਲਣੀ ਇਤਨੀ ਕਿਹੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਟਿਕਟ ਪੱਕੀ ਹੋਣ ਨਾਲ ਜਿੱਤ ਤਾਂ ਪੱਕੀ ਨਹੀਂ ਹੋਈ, ਜਿੱਤਣ ਲਈ ਤਾਂ ਆਉਣ ਵਾਲੇ ਸਮੇਂ ਅੰਦਰ ਇਕ ਵੱਡੇ ਇਮਤਿਹਾਨ ਵਿਚੋਂ ਗੁਜ਼ਰਨਾ ਪਵੇਗਾ। ਚੋਣਾਂ ਵਿਚ ਜਿੱਤਣ ਲਈ ਪਹਿਲਾਂ ਉਮੀਦਵਾਰ ਆਪਣੇ ਸਮਰਥਕਾਂ ਅਤੇ ਵੋਟਰਾਂ ਨੂੰ ਉਨ੍ਹਾਂ ਦੇ ਨਿੱਜੀ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਭਰੋਸੇ ਦਿੰਦੇ ਹਨ ਪਰ ਜਦ ਰਸਤੇ ਕੱਚੇ ਹੀ ਰਹਿ ਜਾਣ ਫਿਰ ਸਮਰਥਕਾਂ ਤੋਂ ਕੀ ਆਸ ਕਰਨਗੇ। ਸੱਥਾਂ ’ਤੇ ਚੱਲਦੀ ਖੁੰਡ ਚਰਚਾ ਅੰਦਰ ਵਿਧਾਇਕਾਂ ਦੇ ਕੀਤੇ ਕੰਮਾਂ ਦਾ ਲੇਖੇ ਜੋਖੇ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ।