ਅੰਮਿ੍ਤਸਰ, 5 ਜਨਵਰੀ (ਜੱਸ)-ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਟ੍ਰੀਟ ਵੈਂਡਰਾਂ ਨੂੰ ਸਰਕਾਰੀ ਵਿੱਤੀ ਯੋਜਨਾਵਾਂ ਨਾਲ ਜੋੜਨ ਲਈ ਨਿਗਮ ਵਲੋਂ ਵਿਸ਼ੇਸ਼ ਪੀ.ਐੱਮ. ਸਵਨਿਧੀ ਰਜਿਸਟ੍ਰੇਸ਼ਨ ਕੈਂਪ ਸਕੱਤਰ ਸੁਸ਼ਾਂਤ ਭਾਟੀਆ ਦੀ ਰਹਿਨੁਮਾਈ ਹੇਠ ਲਗਾਇਆ ਗਿਆ | ਵਾਰਡ ਨੰਬਰ 34 ਵਿਚ ਸੀਐੱਮਐੱਮ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ, ਕੌਂਸਲਰ ਅੰਮਿ੍ਤਪਾਲ ਸਿੰਘ ਦੇ ਸਹਿਯੋਗ ਨਾਲ ਅਤੇ ਵਾਰਡ ਨੰਬਰ 27 ਵਿਚ ਸੀਐੱਮਐੱਮ ਹਰਿੰਦਰ ਸਿੰਘ ਅਤੇ ਸੀਐੱਮਐੱਮ ਤਰਨਪ੍ਰੀਤ ਕੌਰ ਦੀ ਅਗਵਾਈ ਹੇਠ, ਕੌਂਸਲਰ ਕੁਲਵਿੰਦਰ ਕੌਰ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਗਿਆ | ਕੈਂਪ ਦੌਰਾਨ ਅਧਿਕਾਰੀਆਂ ਵਲੋਂ ਸਟ੍ਰੀਟ ਵੈਂਡਰਾਂ ਦੀ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਯੋਜਨਾ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਵੈਂਡਰਾਂ ਨੂੰ 15,000 ਦੀ ਸ਼ੁਰੂਆਤੀ ਕਰਜ਼ਾ ਰਕਮ ਅਤੇ ਸਮੇਂ ਸਿਰ ਅਦਾਇਗੀ ਕਰਨ 'ਤੇ 25,000 ਅਤੇ 50,000 ਦੀਆਂ ਅਗਲੀਆਂ ਕਰਜ਼ਾ ਕਿਸ਼ਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਦੇ ਨਾਲ ਡਿਜੀਟਲ ਸਾਖਰਤਾ 'ਤੇ ਜ਼ੋਰ ਦਿੰਦਿਆਂ ਵੈਂਡਰਾਂ ਨੂੰ ਯੂਪੀਆਈ ਰਾਹੀਂ ਡਿਜੀਟਲ ਭੁਗਤਾਨ ਲਈ ਪ੍ਰੇਰਿਤ ਕੀਤਾ ਗਿਆ |