ਪੁਲਿਸ ਵਲੋਂ ਗੈਂਗਸਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਤਿਆਰੀ <br/>
ਅਜੀਤ ਡੈਸਕ
06-01-2026
ਅੰਮਿ੍ਤਸਰ ਦੇ ਸਰਹੱਦੀ ਰੇਂਜ ਅੰਮਿ੍ਤਸਰ, ਬਟਾਲਾ, ਤਰਨ ਤਾਰਨ ਗੁਰਦਾਸਪੁਰ ਤੇ ਫਿਰੋਜ਼ਪੁਰ ਰੇਂਜ ਦੇ ਪੁਲਿਸ ਮੁਖੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਡੀ. ਜੀ. ਪੀ. ਸ੍ਰੀ ਬਾਨ ਨੇ ਕਿਹਾ ਕਿ ਉਹ ਪੂਰੇ ਖੇਤਰ ਦੀ ਸਮੀਖਿਆ ਮੀਟਿੰਗ ਕੀਤੀ ਗਈ ਹੈ ਅਤੇ ਸੰਗਠਿਤ ਅਪਰਾਧ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਬਾਰੇ ਸੀ | ਉਨ੍ਹਾਂ ਬੀਤੇ ਦਿਨ ਸਰੰਪਚ ਦੀ ਹੱਤਿਆ ਉਪਰੰਤ ਗੈਂਗਸਟਰਾਂ ਵਲੋਂ ਜਿੰਮੇਵਾਰੀ ਲਏ ਜਾਣ ਉਪਰੰਤ ਕਿਹਾ ਕਿ ਗੈਂਗਸਟਰਾਂ ਦੇ ਆਗੂ ਬਾਹਰ ਬੈਠੇ ਹੋਏ ਸਨ ਤੇ ਇਥੋਂ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਪਰ ਪੁਲਿਸ ਦੇ ਹੱਥ ਲੰਬੇ ਹਨ ਤੇ ਪੁਲਿਸ ਜਲਦ ਹੀ ਅਜਿਹੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਾਫੀ ਲੀਡ ਮਿਲ ਚੁੱਕੀਆਂ ਹਨ ਤੇ ਜਲਦ ਹੀ ਸਖ਼ਤ ਕਾਰਵਾਈ ਦੇ ਨਤੀਜ਼ੇ ਸਭ ਦੇ ਸਾਹਮਣੇ ਆ ਜਾਣਗੇ | ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੀਆਂ ਰੇਂਜ ਵਿਚ ਸਰਗਰਮ ਵੱਖ-ਵੱਖ ਗੈਂਗਸਟਰਾਂ ਦੇ ਆਗੂ ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿਚ ਬੈਠ ਕੇ ਨੌਜਵਾਨਾਂ ਨੂੰ ਗਲਤ ਰਾਹ 'ਤੇ ਧੱਕ ਰਹੇ ਹਨ | ਇਹ ਲੋਕ ਛੋਟੇ ਬੱਚਿਆਂ ਨੂੰ ਦਿਮਾਗ ਸਾਫ ਕਰਕੇ ਆਪਣੇ ਗਰੋਹ ਦੀ ਕੀਮਤ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਹਾਲੀਆ ਘਟਨਾ ਸੰਬੰਧੀ ਸੋਸ਼ਲ ਮੀਡੀਆ 'ਤੇ ਜਿੰਮੇਵਾਰੀ ਲੈਣ ਵਾਲਿਆਂ ਬਾਰੇ ਪੁਲਿਸ ਕੋਲ ਬਹੁਤ ਜਾਣਕਾਰੀ ਹੈ, ਜਿਸ ਦੇ ਜਲਦੀ ਨਤੀਜੇ ਸਾਹਮਣੇ ਲਿਆਂਦੇ ਜਾਣਗੇ | ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਨਸ਼ਿਆਂ ਤੇ ਗੈਂਗਸਟਰਾਂ ਦਾ ਮੁੱਦਾ ਵਿਚਾਰਿਆ ਜਾਵੇਗਾ | ਇਸ ਮੀਟਿੰਗ ਦੌਰਾਨ ਹਾਲੀਆ ਸਮੇਂ ਵਿਚ ਵਾਪਰੀਆਂ ਗੰਭੀਰ ਅਪਰਾਧਕ ਘਟਨਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਗੈਂਗਸਟਰਾਂ ਖ਼ਿਲਾਫ਼ ਅਗਲੀ ਰਣਨੀਤੀ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਮੁੱਖ ਮੰਤਰੀ ਦੀ ਜ਼ੀਰੋ ਟੋਲਰੈਂਸ ਨੀਤੀ ਅਨੁਸਾਰ ਸੰਗਠਿਤ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦੁਹਰਾਏ ਗਏ ਹਨ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੇ ਡੀ. ਜੀ. ਪੀ. ਦੇ ਹੁੁਕਰਾਂ ਉਪਰੰਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਝੂਠੇ ਲਾਲਚਾਂ 'ਚ ਨਾ ਆਉਣ, ਕਿਉਂਕਿ ਅਜਿਹੇ ਰਾਹਾਂ ਦਾ ਅੰਜਾਮ ਜੇਲ੍ਹ ਅਤੇ ਜ਼ਿੰਦਗੀ ਦੀ ਤਬਾਹੀ ਹੁੰਦਾ ਹੈ |