ਅੰਮਿ੍ਤਸਰ, 3 ਮਾਰਚ (ਹਰਮਿੰਦਰ ਸਿੰਘ)-ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ ਨਗਰ ਨਿਗਮ ਵਲੋਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਸੈਨੀਟੇਸ਼ਨ ਵਿਭਾਗ ਦੀਆਂ ਮੰਗਾਂ ਸੰਬੰਧੀ ਇਕ ਵਫ਼ਦ ਮੇਅਰ ਜਤਿੰਦਰ ਸਿੰਘ ਭਾਟੀਆ ਨੂੰ ਮਿਲਿਆ ਅਤੇ ਨਿਗਮ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ ਗਿਆ | ਇਸ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਵਿਨੋਦ ਕੁਮਾਰ ਬਿੱਟਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਵਲੋਂ ਰਾਤ ਦੇ ਸਮੇਂ ਅਤੇ ਐਤਵਾਰ ਦੇ ਦਿਨ ਸਫ਼ਾਈ ਦਾ ਕੰਮ ਨਹੀਂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਉਹ ਹਰ ਰੋਜ਼ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨਗੇ | ਨਿਗਮ ਵਲੋਂ ਕੂੜੇ ਦੀ ਚੁਕਾਈ ਦਾ ਕੰਮ ਜਿਸ ਕੰਪਨੀ ਨੂੰ ਸੌਂਪਿਆ ਗਿਆ ਹੈ ਕੂੜੇ ਦੀ ਚੁਕਾਈ ਦੀ ਜ਼ਿੰਮੇਵਾਰੀ ਉਸ ਦੀ ਨਿਰਧਾਰਤ ਕੀਤੀ ਜਾਵੇ | ਪਾਸਕੋ ਕੰਪਨੀ ਵਲੋਂ ਰੱਖੇ ਗਏ ਸਾਬਕਾ ਸੈਨਿਕਾਂ ਵਲੋਂ ਕੂੜੇ ਦੇ ਢੇਰਾਂ ਦੀਆਂ ਸ਼ਿਕਾਇਤਾਂ ਪਾਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਆਰ ਆਰ ਆਰ ਕੰਪਨੀ ਦੇ ਪੋਰਟ ਪਾਇਆ ਜਾਵੇ | ਕੂੜੇ ਦੀ ਚੁਕਾਈ ਨਾ ਹੋਣ ਦੀ ਸੂਰਤ 'ਚ ਸੈਨੇਟੇਸ਼ਨ ਸਟਾਫ਼ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ | ਇਸ ਦੌਰਾਨ ਉਨ੍ਹਾਂ ਸਮੂਹ ਸੈਨੇਟਰੀ ਇੰਸਪੈਕਟਰਾਂ ਅਤੇ ਸੈਨੇਟਰੀ ਸੁਪਰਵਾਇਜ਼ਰਾਂ ਨੂੰ ਗਜ਼ਟਿਡ ਛੁੱਟੀਆਂ ਵਾਲੇ ਦਿਨ ਸਫ਼ਾਈ ਸੇਵਕਾਂ ਦੀ ਤਰਜ 'ਤੇ ਬਣਦੇ ਪੈਸੇ ਦਿਤੇ ਜਾਣ | ਉਨ੍ਹਾਂ ਦਰਜਾ ਚਾਰ ਸਫਾਈ ਸੇਵਕਾਂ ਦੀ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਭਰਤੀ ਕਰਨ ਅਤੇ ਮੌਜੂਦਾ ਮੁਲਾਜ਼ਮਾਂ ਨੂੰ ਹਰ ਮਹੀਨੇ ਦੀ 7 ਤਰੀਖ਼ ਤੋਂ ਪਹਿਲਾਂ ਤਨਖਾਹਾਂ ਦੇਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ | ਇਸ ਮੌਕੇ 'ਤੇ ਤੇਜਿੰਦਰ ਸ਼ਰਮਾ ਪ੍ਰਧਾਨ, ਰਵਿੰਦਰ ਕੁਮਾਰ ਜਨਰਲ ਸਕੱਤਰ, ਸੁਰਿੰਦਰ ਟੋਨਾ, ਮਨੀਸ਼ ਕੁਮਾਰ, ਲੱਕੀ ਭੱਟੀ, ਨਰਿੰਦਰ ਕੁਮਾਰ, ਦਵਿੰਦਰ ਕੁਮਾਰ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ |