ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਟੀ-20 ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਕਿ੍ਕਟ ਬੋਰਡ (ਪੀ. ਸੀ. ਬੀ.) ਵਲੋਂ ਪਾਕਿ ਖਿਡਾਰੀਆਂ 'ਤੇ 50-50 ਲੱਖ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਲਗਾਇਆ ਗਿਆ | ਹਾਲਾਂਕਿ, ਪਾਕਿ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਇਸ ਸਜ਼ਾ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਨੇ ਪੀ. ਸੀ. ਬੀ. ਤੋਂ ਕੁਝ ਖਿਡਾਰੀਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਅਫ਼ਰੀਦੀ ਨੇ ਕਿਹਾ ਕਿ ਕੁਝ ਖਿਡਾਰੀਆਂ 'ਤੇ 2 ਸਾਲ ਤੱਕ ਦੀ ਪਾਬੰਦੀ ਵੀ ਲਗਾਈ ਜਾਣੀ ਚਾਹੀਦੀ ਹੈ | ਪਾਕਿਸਤਾਨੀ ਨਿਊਜ਼ ਚੈਨਲ 'ਤੇ ਇਕ ਇੰਟਰਵਿਊ ਦੌਰਾਨ ਅਫ਼ਰੀਦੀ ਨੇ ਕਿਹਾ ਕਿ ਪੀ.ਸੀ.ਬੀ. ਦਾ ਇਹ ਫ਼ੈਸਲਾ ਸਮਝ ਤੋਂ ਬਾਹਰ ਹੈ | ਉਨ੍ਹਾਂ ਨੇ ਇਸ ਨੂੰ ਤੰਗ-ਦਿਮਾਗੀ ਦੱਸਦਿਆਂ ਕਿਹਾ ਕਿ ਜੁਰਮਾਨੇ ਦੀ ਬਜਾਏ ਢਾਂਚਾਗਤ ਸੁਧਾਰਾਂ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ, ਉਨ੍ਹਾਂ ਨੂੰ ਪਹਿਲੀ ਸ਼੍ਰੇਣੀ ਕਿ੍ਕਟ 'ਚ ਭੇਜਿਆ ਜਾਣਾ ਚਾਹੀਦਾ ਹੈ | ਇਹ 50 ਲੱਖ ਦੇ ਜੁਰਮਾਨੇ ਵਾਲੀ ਸਜ਼ਾ ਕਾਫ਼ੀ ਨਹੀਂ ਹੈ |