ਅੰਮਿ੍ਤਸਰ, 11 ਅਪ੍ਰੈਲ (ਜਸਵੰਤ ਸਿੰਘ ਜੱਸ)-ਬੀਤੇ ਦਿਨ ਪਾਕਿਸਤਾਨ ਜਥੇ ਨਾਲ ਯਾਤਰਾ 'ਤੇ ਜਾਣ ਸਮੇਂ ਇਮੀਗਰੇਸ਼ਨ ਅਧਿਕਾਰੀਆਂ ਵਲੋਂ ਕਈ ਸਿੱਖ ਸ਼ਰਧਾਲੂਆਂ ਨੂੰ ਅਟਾਰੀ ਸਰਹੱਦ ਵਿਖੇ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਵਿਚੋਂ ਕੁਝ ਸ਼ਰਧਾਲੂਆਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਨਾਮ ਪੱਤਰ ਦੇ ਕੇ ਆਪਣੀ ਵਿਥਿਆ ਬਿਆਨ ਕੀਤੀ ਹੈ | ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਨਾਲ ਸੰਬੰਧਿਤ ਸ਼ਰਧਾਲੂਆਂ ਕੁਲਦੀਪ ਸਿੰਘ ਸੰਗਰੂਰ, ਜਸਵਿੰਦਰ ਸਿੰਘ, ਨੰਦ ਸਿੰਘ, ਕੇਵਲ ਸਿੰਘ ਤੇ ਜਗਤਾਰ ਸਿੰਘ ਜ਼ਿਲਾ ਮੋਗਾ ਆਦਿ ਨੇ ਸਕੱਤਰ ਦੇ ਨਾਂਅ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਪਰਮਜੀਤ ਸਿੰਘ ਨਾਂਅ ਦੇ ਵਿਅਕਤੀ ਦੀ ਅਗਵਾਈ ਵਾਲੀ ਇਕ ਸੰਸਥਾ ਨੂੰ ਪਾਕਿਸਤਾਨ ਜਥੇ ਨਾਲ ਜਾਣ ਲਈ ਆਪਣੇ ਪਾਸਪੋਰਟ ਅਤੇ ਮੰਗੀ ਗਈ ਵੀਜ਼ਾ ਫੀਸ ਤੇ ਬੱਸ ਕਿਰਾਇਆ ਆਦਿ ਵੀ ਜਮ੍ਹਾਂ ਕਰਵਾਏ ਸਨ ਪਰ ਵੀਜ਼ਾ ਲੱਗਣ ਦੇ ਬਾਵਜੂਦ ਸਾਨੂੰ ਅਟਾਰੀ ਸਰਹੱਦ ਤੋਂ ਸਰਕਾਰ ਤੋਂ ਮਨਜ਼ੂਰੀ ਨਾ ਹੋਣ ਕਰਕੇ ਪਾਕਿਸਤਾਨ ਜਥੇ ਨਾਲ ਨਹੀਂ ਜਾਣ ਦਿੱਤਾ ਗਿਆ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਥਿਤ ਤੌਰ 'ਤੇ ਯਾਤਰਾ ਦੇ ਨਾਂਅ 'ਤੇ ਗੁਮਰਾਹ ਕੀਤਾ ਗਿਆ ਹੈ, ਇਸ ਲਈ ਉਕਤ ਵਿਅਕਤੀ ਤੋਂ ਸੰਗਤ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ | ਦੂਜੇ ਪਾਸੇ ਸੰਪਰਕ ਕੀਤੇ ਜਾਣ 'ਤੇ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਪਿਛਲੇ ਇੱਕ ਦਹਾਕੇ ਤੋਂ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਦੀ ਆ ਰਹੀ ਹੈ ਤੇ ਇਸ ਵਾਰ ਵੀ ਕਰੀਬ 114 ਸ਼ਰਧਾਲੂਆਂ ਦੇ ਪਾਕਿਸਤਾਨ ਦੂਤਾਵਾਸ ਵਲੋਂ ਵੀਜ਼ੇ ਜਾਰੀ ਕੀਤੇ ਗਏ ਸਨ, ਪਰ ਕਿਸੇ ਤਕਨੀਕੀ ਅੜਚਣ ਕਰਕੇ ਸਰਕਾਰ ਵਲੋਂ ਇਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਲੱਗਣ ਦੇ ਬਾਵਜੂਦ ਜਥੇ ਨਾਲ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਨੇ ਸ਼ਰਧਾਲੂਆਂ ਤੋਂ ਕੇਵਲ ਮਾਮੂਲੀ ਵੀਜ਼ਾ ਫੀਸ ਹੀ ਲਈ ਹੈ ਅਤੇ ਉਨ੍ਹਾਂ ਵਲੋਂ ਜਥੇ ਨਾਲ ਜਾਣ ਤੋਂ ਰੋਕੇ ਗਏ ਇਨ੍ਹਾਂ ਸ਼ਰਧਾਲੂਆਂ ਦਾ ਮਾਮਲਾ ਸਰਕਾਰ ਕੋਲ ਉਠਾ ਕੇ ਆਉਂਦੇ ਇਕ ਦੋ ਦਿਨਾਂ ਤੱਕ ਉਨ੍ਹਾਂ ਨੂੰ ਪਾਕਿਸਤਾਨ ਭੇਜਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ |