ਅੰਮਿ੍ਤਸਰ, 12 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮਿ੍ਤਸਰ ਵਿਖੇ ਸੈਸ਼ਨ 2024-25 ਲਈ 55ਵੀਂ ਕਨਵੋਕੇਸ਼ਨ ਸਫ਼ਲਤਾ ਪੂਰਵਕ ਕਰਵਾਈ ਗਈ | ਇਸ ਡਿਗਰੀ ਵੰਡ ਸਮਾਗਮ 'ਚ ਅੰਮਿ੍ਤਸਰ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਅੰਮਿ੍ਤਸਰ ਦੇ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਅਤੇ ਸ਼ਹਿਬਾਜ਼ਪੁਰ ਕਾਲਜ ਤਰਨ-ਤਾਰਨ ਦੇ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ | ਸਮਾਗਮ ਦੀ ਸ਼ੁਰੂਆਤ ਅਕਾਦਮਿਕ ਰਸਮੀ ਮਾਰਚ ਨਾਲ ਹੋਈ | ਕਾਲਜ ਦੇ ਪਿ੍ੰਸੀਪਲ ਕਿਰਨਜੀਤ ਬੱਲ ਨੇ ਮੁੱਖ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਕਾਲਜ ਦੀਆਂ ਅਕਾਦਮਿਕ, ਸਭਿਆਚਾਰਕ ਤੇ ਖੇਡ ਖੇਤਰ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ | ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਨਾਲ ਹੋਈ | ਉਪਰੰਤ ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਡਿਗਰੀ ਪ੍ਰਾਪਤ ਕਰਨ ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਗਿਆਨ ਬਹੁਤ ਜ਼ਰੂਰੀ ਹੈ | ਵਿਦਿਆਰਥੀ ਗਿਆਨ ਪ੍ਰਾਪਤ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾਉਂਦੇ ਹਨ | ਉਹ ਹਮੇਸ਼ਾ ਮਿਹਨਤ ਕਰਦਿਆਂ ਆਪਣੇ ਸੁਪਨਿਆਂ ਨੂੰ ਹਕੀਕਤ ਪ੍ਰਦਾਨ ਕਰਦੇ ਹਨ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਆਪਣੀ ਕਲਾਤਮਕ ਪ੍ਰਤਿਭਾ ਦੀ ਪੇਸ਼ਕਾਰੀ ਕਰਦਿਆਂ ਸਭਿਆਚਾਰਕ ਗੀਤਾਂ ਤੇ ਲੋਕ-ਨਾਚ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਸਮਾਗਮ 'ਚ 550 ਵਿਦਿਆਰਥਣਾਂ ਨੂੰ ਗ੍ਰੇਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਵੰਡੀਆਂ ਗਈਆਂ |