ਛੇਹਰਟਾ/ਰਾਮ ਤੀਰਥ, 18 ਅਪ੍ਰੈਲ (ਪੱਤਰ ਪ੍ਰੇਰਕ/ਧਰਵਿੰਦਰ ਸਿੰਘ ਔਲਖ)-ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਵਲੋਂ ਅੱਜ ਡੇਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਕਾਲੇ ਘਨੂੰਪੁਰ ਬਾਈਪਾਸ ਵਿਖੇ 'ਨਸ਼ਾ ਮੁਕਤ ਪੰਜਾਬ ਸੰਕਲਪ ਸਮਾਰੋਹ 2026' ਕਰਵਾਇਆ ਗਿਆ | ਇਸ ਸਮਾਗਮ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਨੇ ਹਰ ਮੁਹਾਜ 'ਤੇ ਦੇਸ਼ ਦੀ ਅਗਵਾਈ ਕੀਤੀ ਹੈ ਤੇ ਨਸ਼ਿਆਂ ਦੇ ਖ਼ਾਤਮੇ ਵਿਚ ਵੀ ਪੰਜਾਬ ਆਪਣੀ ਮੋਹਰੀ ਭੂਮਿਕਾ ਨਿਭਾਵੇਗਾ | ਉਨਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਾਕਤਾਂ ਕੰਮ ਕਰ ਰਹੀਆਂ ਹਨ, ਪਰ ਦੇਸ਼ ਦੇ ਲੋਕ ਇਨਾਂ ਨਾਪਾਕ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ | ਉਨਾਂ ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸੰਘ ਨੇ ਕੇਵਲ ਤਿੰਨ ਸਾਲਾਂ ਵਿਚ ਨਸ਼ਿਆਂ ਵਿਰੁੱਧ ਇੱਕ ਵੱਡੀ ਜਾਗਰੂਕਤਾ ਲਹਿਰ ਖੜੀ ਕੀਤੀ ਹੈ | ਉਨਾਂ ਕਿਹਾ ਕਿ ਜੇ ਸਮੂਹਿਕ ਯਤਨ ਕੀਤੇ ਜਾਣ ਤਾਂ ਪੰਜਾਬ ਦੁਬਾਰਾ ਮਜ਼ਬੂਤੀ ਨਾਲ ਖੜ ਸਕਦਾ ਹੈ | ਉਨਾਂ ਕਿਹਾ ਕਿ ਸਿਰਫ਼ ਦੇਖਣ ਨਾਲ ਨਹੀਂ, ਸਗੋਂ ਮਿਲਜੁਲ ਕੇ ਯਤਨ ਕਰਨ ਨਾਲ ਹੀ ਇਸ ਸਮੱਸਿਆ ਦਾ ਹੱਲ ਸੰਭਵ ਹੈ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਪੂਰਵ ਮੁੱਖ ਨਿਆਂਧੀਸ਼ ਜਗਦੀਸ਼ ਸਿੰਘ ਖੇਹਰ ਨੇ ਕਿਹਾ ਕਿ ਸਮਾਜ ਵਿਚ ਨਸ਼ਿਆਂ ਦਾ ਪਸਾਰ ਬੇਹੱਦ ਚਿੰਤਾ ਦਾ ਕਾਰਨ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ | ਇਸ ਮੌਕੇ ਡਾ. ਕਿ੍ਸ਼ਨ ਗੋਪਾਲ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ ਅਤੇ ਇਹ ਸੂਬਾ ਨਸ਼ਿਆਂ ਵਿਰੁੱਧ ਲੜਾਈ ਵਿਚ ਵੀ ਡਟ ਕੇ ਖੜੇਗਾ | ਉਨਾਂ ਕਿਹਾ ਕਿ ਨਸ਼ਿਆਂ ਦੇ ਜਾਲ ਵਿਚ ਫਸੇ ਨੌਜਵਾਨਾਂ ਨੂੰ ਬਚਾਉਣਾ ਅਤੇ ਜੋ ਬਚੇ ਹੋਏ ਹਨ ਉਨਾਂ ਨੂੰ ਸੁਰੱਖਿਅਤ ਰੱਖਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਇਸ ਮੌਕੇ ਦਰਸ਼ਨ ਦਰਬਾਰ ਬਟਾਲਾ ਦੇ ਸੰਤ ਤਿ੍ਲੋਚਨ ਦਾਸ ਨੇ ਕਿਹਾ ਕਿ ਨੌਜਵਾਨ ਆਪਣੇ ਮੂਲ ਸਿਧਾਂਤਾਂ ਤੋਂ ਦੂਰ ਹੋ ਕੇ ਰਸਤੇ ਤੋਂ ਭਟਕ ਰਹੇ ਹਨ ਅਤੇ ਉਨਾਂ ਨੂੰ ਦੁਬਾਰਾ ਸਹੀ ਮਾਰਗ 'ਤੇ ਲਿਆਉਣਾ ਲਾਜ਼ਮੀ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਤੋਂ ਮੁਕਤੀ ਲਈ ਨੌਜਵਾਨਾਂ ਨੂੰ ਖੇਡਾਂ ਅਤੇ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਲੋੜ ਹੈ | ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਤੀਨਿਧਿ ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਕਾਰਨ ਪ੍ਰਭਾਵਿਤ ਹੋ ਰਹੀ ਹੈ ਅਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨਾਂ ਕਿਹਾ ਕਿ ਕੁਝ ਤਾਕਤਾਂ ਨਸ਼ਿਆਂ ਰਾਹੀਂ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਪ੍ਰਾਂਤ ਸੰਯੋਜਕ ਮਦਨਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ, ਸਕੂਲਾਂ, ਕਾਲਜਾਂ ਤੋਂ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਵਲੋਂ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ |