ਅੰਮਿ੍ਤਸਰ, 14 ਮਈ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ 'ਚ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਵਿਦਿਆਰਥੀਆਂ ਨੇ ਬਹੁਤ ਪ੍ਰਭਾਵਸ਼ਾਲੀ ਅਤੇ ਉਤਸ਼ਾਹਜਨਕ ਪ੍ਰਦਰਸ਼ਨ ਕੀਤਾ | 395 ਵਿਦਿਆਰਥੀਆਂ ਵਿਚੋਂ 333 ਪਹਿਲੇ ਦਰਜੇ 'ਚ ਪਾਸ ਹੋਏ, ਜਿਸ ਨਾਲ ਸਕੂਲ ਦਾ ਨਾਂਅ ਰੌਸ਼ਨ ਹੋਇਆ | 9 ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ, 39 ਨੇ 90 ਫੀਸਦੀ ਤੋਂ ਵੱਧ ਅਤੇ 90 ਨੇ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਰਾਹੁਲ ਅਰੋੜਾ ਨੇ ਸਾਇੰਸ ਗਰੁੱਪ 'ਚ 96.4 ਫੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕਸ਼ਿਸ਼ ਨੇ 96 ਫੀਸਦੀ ਅੰਕਾਂ ਨਾਲ ਕਾਮਰਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਰਜਤ ਜੋਸ਼ੀ ਨੇ ਸਾਇੰਸ ਗਰੁੱਪ 'ਚ 95.8 ਫੀਸਦੀ ਅੰਕਾਂ ਨਾਲ ਅਤੇ ਪਰੀ ਅਰੋੜਾ ਨੇ 95.8 ਫੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਵਿਦਿਆਰਥੀਆਂ ਦਾ ਮੂੰਹ ਮਿਠਾ ਕਰਵਾਇਆ ਅਤੇ ਉਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਸਫਲਤਾ 'ਤੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਸਕੂਲ ਦੇ ਆਰ. ਓ. ਪਵਨ ਸ਼ਰਮਾ, ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਮੈਨੇਜਰ ਪਿ੍ੰਸੀਪਲ ਅਮਰਦੀਪ ਗੁਪਤਾ ਨੇ ਪਿ੍ੰਸੀਪਲ ਵਿਕਾਸ ਪਰਾਸ਼ਰ ਅਤੇ ਸਾਰੇ ਸਟਾਫ ਮੈਂਬਰਾਂ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ 'ਤੇ ਵਧਾਈ ਦਿੱਤੀ |