ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗਠਜੋੜ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਮਰੀਕਾ ਤੇ ਈਰਾਨ ਜੰਗ ਦਾ ਭਾਰਤ 'ਤੇ ਕੋਈ ਅਸਰ ਨਹੀਂ ਪਿਆ ਹੈ, ਭਾਵੇਂ ਕਿ ਹੋਰਮੁਜ਼ ਜਲਡਮਰੂ ਬੰਦ ਹੋਣ ਨਾਲ ਉਨ੍ਹਾਂ ਦੇ ਸਮੁੰਦਰੀ ਜਹਾਜ਼ ਵੀ ਰੁਕੇ ਹੋਏ ਹਨ | ਇਸ ਦੇ ਬਾਵਜੂਦ ਉੱਥੇ ਮਹਿੰਗਾਈ ਨਹੀਂ ਵਧੀ ਹੈ | ਅਫ਼ਗਾਨਿਸਤਾਨ ਵੀ ਪ੍ਰਭਾਵਿਤ ਨਹੀਂ ਹੈ ਤਾਂ ਫਿਰ ਪਾਕਿਸਤਾਨ 'ਚ ਹੀ ਮਹਿੰਗਾਈ ਇੰਨੀ ਜ਼ਿਆਦਾ ਕਿਉਂ ਹੈ? ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਪਾਕਿ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਪੁੱਛਿਆ ਕਿ ਸਾਡੇ ਆਰਥਿਕ ਮਾਹਿਰ ਕਿੱਥੇ ਹਨ? ਅਰਥਵਿਵਸਥਾ ਨੂੰ ਸੰਭਾਲਣ ਲਈ ਜ਼ਿੰਮੇਵਾਰ ਲੋਕ ਕਿੱਥੇ ਗਏ ਹਨ? ਮੌਲਾਨਾ ਨੇ ਨਾਲ ਹੀ ਇਹ ਵੀ ਪੁੱਛਿਆ ਕਿ ਜੇ ਸੰਸਦ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ ਤਾਂ ਸਰਕਾਰ ਇਨ-ਕੈਮਰਾ ਸੈਸ਼ਨ ਕਿਉਂ ਨਹੀਂ ਬੁਲਾ ਰਹੀ ਤੇ ਸਥਿਤੀ 'ਤੇ ਚਰਚਾ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਕਿਹਾ ਕਿ ਅਸੀਂ ਇਸ ਦੇਸ਼ 'ਚ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ |