ਛੇਹਰਟਾ, 1 ਜੂਨ (ਪੱਤਰ ਪ੍ਰੇਰਕ)-ਪੁਲਿਸ ਚੌਂਕੀ ਕੋਟ ਖ਼ਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇਕ ਭੇਦ ਭਰੇ ਹਾਲਾਤਾਂ ਵਿਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮਿ੍ਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ | ਮਿ੍ਤਕ ਦੀ ਮਾਂ ਪਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਪੁੱਤਰ ਸੌਰਵ ਜੋ 17 ਮਈ ਨੂੰ ਘਰੋਂ ਗਿਆ ਸੀ, ਪਰ ਪੂਰੀ ਰਾਤ ਬੀਤ ਜਾਣ 'ਤੇ ਅਗਲਾ ਦਿਨ ਵੀ ਬੀਤ ਜਾਣ ਦੇ ਬਾਵਜੂਦ ਉਹ ਜਦੋਂ ਘਰ ਨਹੀਂ ਪਹੁੰਚਿਆ ਤਾਂ ਸਾਡੇ ਵਲੋਂ ਸੌਰਵ ਦੀ ਬਹੁਤ ਤਲਾਸ਼ ਕੀਤੀ ਗਈ, ਪਰ ਉਸ ਦਾ ਸਾਨੂੰ ਕੋਈ ਵੀ ਸੁਰਾਗ ਨਹੀਂ ਮਿਲਿਆ ਸੀ, ਜਿਸ ਉਪਰੰਤ ਪਰਿਵਾਰ ਵਲੋਂ ਸੌਰਵ ਦੀ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਨੂੰ ਦਰਜ ਕਰਵਾਈ ਸੀ, ਜਾਂਚ ਦੌਰਾਨ ਪੁਲਿਸ ਵਲੋਂ ਸੌਰਵ ਦੇ ਉਨ੍ਹਾਂ ਦੋਸਤਾਂ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਜਿਨ੍ਹਾਂ ਨਾਲ ਉਸ ਨੂੰ ਆਖ਼ਰੀ ਵਾਰ ਵੇਖਿਆ ਗਿਆ ਸੀ | ਪਰਿਵਾਰ ਦਾ ਦੋਸ਼ ਹੈ ਕਿ ਪੁੱਛਗਿੱਛ ਦੌਰਾਨ ਇਕ ਨੌਜਵਾਨ ਨੇ ਮੰਨਿਆ ਹੈ ਕਿ ਮਿ੍ਤਕ ਦੀ ਹੱਤਿਆ ਕੀਤੀ ਗਈ ਹੈ | ਪਰਮਜੀਤ ਕੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਪੁੱਤਰ ਦਾ ਗਲਾ ਕੱਟ ਕੇ ਕਤਲ ਕੀਤਾ ਗਿਆ ਹੈ ਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਐਕਟਿਵਾ 'ਤੇ ਖੜ ਕੇ ਇੱਕ ਪੈਲੇਸ ਦੇ ਕੋਲ ਸੁੱਟ ਦਿੱਤਾ ਗਿਆ ਸੀ | ਇਸ ਮਾਮਲੇ ਵਿਚ ਸ਼ਾਮਿਲ ਕਥਿਤ ਦੋਸ਼ੀਆਂ ਨੂੰ ਪੁਲਿਸ ਵਲੋਂ ਅਜੇ ਤੱਕ ਗਿ੍ਫਤਾਰ ਨਹੀਂ ਕੀਤਾ ਗਿਆ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਚੌਂਕੀ ਇੰਚਾਰਜ ਹਰਮਨਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਜੋ ਕੁਝ ਦਿਖਾਈ ਦੇ ਰਿਹਾ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਵੀਡੀਓ ਦੀ ਸੱਚਾਈ ਦੀ ਪੁਸ਼ਟੀ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ 2 ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦ ਕਿ ਇਕ ਨੌਜਵਾਨ ਫਰਾਰ ਹੈ | ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |