ਅੰਮਿ੍ਤਸਰ, 1 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਯਾਤਰੀਆਂ ਨੂੰ ਗੁਣਵੱਤਾ ਤੇ ਸੁਰੱਖਿਅਤ ਕੈਟਰਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਫਿਰੋਜ਼ਪੁਰ ਡਿਵੀਜ਼ਨ 'ਚ ਗ਼ੈਰ-ਕਾਨੂੰਨੀ ਵੈਂਡਰਾਂ ਤੇ ਅਣਅਧਿਕਾਰਤ ਖਾਣ-ਪੀਣ ਦੀਆਂ ਵਸਤਾਂ ਵਿਰੁੱਧ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਦੇ ਨਿਰਦੇਸ਼ਾਂ ਹੇਠ ਡਿਵੀਜ਼ਨ ਦੇ ਅੰਦਰ ਵੱਖ-ਵੱਖ ਸਟੇਸ਼ਨਾਂ ਤੇ ਰੇਲਗੱਡੀਆਂ 'ਤੇ ਨਿਯਮਤ ਨਿਰੀਖਣ ਕੀਤੇ ਜਾ ਰਹੇ ਹਨ | ਇਸੇ ਸੰਬੰਧ 'ਚ ਰੇਲਗੱਡੀ ਨੰਬਰ 14618 (ਅੰਮਿ੍ਤਸਰ-ਪੂਰਨੀਆ ਕੋਰਟ ਜਨ ਸੇਵਾ ਐਕਸਪ੍ਰੈਸ) ਦੀ ਪੈਂਟਰੀ ਕਾਰ 'ਚ ਮੌਜੂਦ ਦੋ ਅਣਅਧਿਕਾਰਤ ਵੈਂਡਰਾਂ ਦੀ ਮੌਜੂਦਗੀ ਤੋਂ ਬਾਅਦ ਰੇਲਵੇ ਵਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ 'ਤੇ ਜ਼ੁਰਮਾਨਾ ਲਗਾਇਆ ਗਿਆ, ਨਾਲ ਹੀ ਆਈ. ਆਰ. ਸੀ. ਟੀ. ਸੀ. ਅਧਿਕਾਰੀਆਂ ਨੂੰ ਆਈ. ਆਰ. ਸੀ. ਟੀ. ਸੀ. ਨਿਯਮਾਂ ਅਨੁਸਾਰ ਸੰਬੰਧਿਤ ਪੈਂਟਰੀ ਕਾਰ ਲਾਇਸੈਂਸਧਾਰਕ ਵਿਰੁੱਧ ਵਿਭਾਗੀ ਕਾਰਵਾਈ ਬਾਰੇ ਵੀ ਸੂਚਿਤ ਕੀਤਾ ਗਿਆ | ਇਸ ਤੋਂ ਇਲਾਵਾ ਢੰਡਾਰੀ ਕਲਾਂ ਰੇਲਵੇ ਸਟੇਸ਼ਨ 'ਤੇ ਪੈਂਟਰੀ ਕਾਰ 'ਚ ਲੋਡ ਕਰਨ ਲਈ ਪਲੇਟਫਾਰਮ ਤੋਂ ਪਾਬੰਦੀਸ਼ੁਦਾ ਪਾਣੀ ਦੇ 70 ਡੱਬੇ ਵੀ ਬਰਾਮਦ ਕੀਤੇ ਗਏ | ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਤੇ ਤੰਦਰੁਸਤੀ ਸਭ ਤੋਂ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ 'ਤੇ ਗ਼ੈਰ-ਕਾਨੂੰਨੀ ਵੈਂਡਰਾਂ ਅਤੇ ਅਣਅਧਿਕਾਰਤ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵਿਰੱੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ |