ਅੰਮਿ੍ਤਸਰ, 6 ਜੂਨ (ਸੁਰਿੰਦਰ ਕੋਛੜ)-ਜੂਨ 1984 ਦੇ ਸਾਕਾ ਨੀਲਾ ਤਾਰਾ ਦੀ ਅੱਜ 42ਵੀਂ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਜਥੇਬੰਦੀ ਵਲੋਂ ਦਿੱਤੇ ਅੰਮਿ੍ਤਸਰ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ ਹੈ | ਅੰਮਿ੍ਤਸਰ ਬੰਦ ਦੇ ਇਸ ਸੱਦੇ ਦੌਰਾਨ ਅੱਜ ਸ਼ਹਿਰ ਦੀਆਂ ਕੱਪੜਾ ਮਾਰਕੀਟਾਂ; ਟਾਹਲੀ ਸਾਹਿਬ ਬਾਜ਼ਾਰ, ਸ਼ਾਸਤਰੀ ਮਾਰਕੀਟ, ਪ੍ਰਤਾਪ ਬਾਜ਼ਾਰ, ਬਾਜ਼ਾਰ ਸਿਰਕੀਬੰਧਾਂ, ਕਟੜਾ ਆਹਲੂਵਾਲੀਆ, ਸੁਨਿਆਰਾ ਮਾਰਕੀਟ ਗੁਰੂ ਬਾਜਾਰ ਸਮੇਤ ਹਾਲ ਬਾਜ਼ਾਰ, ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ, ਕਟੜਾ ਸ਼ੇਰ ਸਿੰਘ, ਕਟੜਾ ਜੈਮਲ ਸਿੰਘ, ਆਈ. ਡੀ. ਐੱਚ. ਮਾਰਕੀਟ ਸਮੇਤ ਸਾਰੇ ਸ਼ਹਿਰ 'ਚ ਬਾਜ਼ਾਰ, ਵਪਾਰਕ ਅਦਾਰੇ ਅਤੇ ਉਦਯੋਗਿਕ ਇਕਾਈਆਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਇਸ ਦੌਰਾਨ ਸ਼ਹਿਰ 'ਚ ਆਵਾਜਾਈ ਬਹੁਤ ਘੱਟ ਰਹੀ | ਸਥਾਨਕ ਮਜੀਠਾ ਰੋਡ, ਲਾਰੈਂਸ ਰੋਡ, ਬਟਾਲਾ ਰੋਡ, ਪੁਤਲੀਘਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਸ-ਪਾਸ ਅਤੇ ਕੁਝ ਹੋਰਨਾ ਆਬਾਦੀਆਂ ਦੀਆਂ ਗਲੀਆਂ 'ਚ ਹਲਵਾਈਆਂ, ਦਵਾਈਆਂ ਵਾਲਿਆਂ ਆਦਿ ਵਲੋਂ ਸਵੇਰੇ ਕੁਝ ਦੇਰ ਲਈ ਦੁਕਾਨਾਂ ਖੋਲ੍ਹੀਆਂ ਗਈਆਂ, ਪਰ ਬਾਅਦ 'ਚ ਬਿਨਾ ਕਿਸੇ ਦਬਾਅ ਦੇ ਉਨ੍ਹਾਂ ਖ਼ੁਦ ਹੀ ਦੁਕਾਨਾਂ ਬੰਦ ਕਰ ਲਈਆਂ | ਇਸ ਦੌਰਾਨ ਰੇਹੜੀਆਂ 'ਤੇ ਫਲ ਸਬਜ਼ੀਆਂ ਵੇਚਣ ਵਾਲਿਆਂ ਨੇ ਗਲੀਆਂ 'ਚ ਆਮ ਦਿਨਾਂ ਵਾਂਗ ਹੀ ਕਾਰੋਬਾਰ ਜਾਰੀ ਰੱਖਿਆ | ਹਾਲਾਂਕਿ, ਉਨ੍ਹਾਂ ਦੀ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਰਹੀ | ਅੰਮਿ੍ਤਸਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਥਾਨਕ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵੀ ਮੁਕੰਮਲ ਤੌਰ 'ਤੇ ਬੰਦ ਰਹੀ | ਜਦਕਿ ਹਸਪਤਾਲਾਂ ਦੇ ਬਾਹਰ ਮੌਜੂਦ ਦਵਾਈਆਂ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ | ਇਸ ਦੇ ਇਲਾਵਾ ਹੋਲ ਸੇਲ ਕਰਿਆਨਾ ਮੰਡੀ ਢਾਬ ਖਟੀਕਾਂ, ਲੂਣ ਮੰਡੀ, ਪਾਪੜਾਂ ਵਾਲਾ ਬਾਜ਼ਾਰ, ਮਿਸ਼ਰੀ ਬਾਜ਼ਾਰ, ਆਟਾ ਮੰਡੀ, ਦਾਲ ਮੰਡੀ ਆਦਿ ਦੀਆਂ ਵੀ ਸਭ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ | ਅੰਮਿ੍ਤਸਰ ਬੰਦ ਦੇ ਦੌਰਾਨ ਜਿੱਥੇ ਸ਼ਹਿਰ 'ਚ ਵਪਾਰਕ ਅਦਾਰੇ ਅਤੇ ਬਾਜ਼ਾਰ ਬੰਦ ਰਹੇ, ਉੱਥੇ ਹੀ ਜਲਿ੍ਹਆਂਵਾਲਾ ਬਾਗ, ਕਿਲ੍ਹਾ ਗੋਬਿੰਦਗੜ੍ਹ, ਵਾਰ ਮੈਮੋਰੀਅਲ, ਸਾਡਾ ਪਿੰਡ, ਪਾਰਟੀਸ਼ਨ ਮਿਊਜ਼ੀਅਮ, ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਸਮੇਤ ਹੋਰ ਵਿਰਾਸਤੀ ਸਮਾਰਕ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ, ਪਰ ਇਨ੍ਹਾਂ ਸਮਾਰਕਾਂ ਵਿਖੇ ਸੈਲਾਨੀਆਂ ਦੀਆਂ ਰੌਣਕਾਂ ਫਿੱਕੀਆਂ ਰਹੀਆਂ |
ਘੱਲੂਘਾਰਾ ਦਿਵਸ ਮੌਕੇ ਅੰਮਿ੍ਤਸਰ ਬੰਦ ਦੇ ਸੱਦੇ ਨੂੰ ਮਿਲਿਆ ਭਰਵਾ ਹੁੰਗਾਰਾ, ਮੁਕੰਮਲ ਤੌਰ 'ਤੇ ਬੰਦ ਰਹੇ ਬਾਜ਼ਾਰ <br/>
ਅੰਮਿ੍ਤਸਰ ਬੰਦ ਦੇ ਸੱਦੇ ਦੌਰਾਨ ਬੰਦ ਰਹੇ ਅੰਦਰੂਨੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ<br/> ਦਵਾਈ ਮਾਰਕਿਟ ਦੀਆਂ ਬੰਦ ਪਈਆਂ ਦੁਕਾਨਾਂ | ਤਸਵੀਰ : ਹਰਜੀਤ ਸਿੰਘ<br/>
07-06-2026