ਜੰਡਿਆਲਾ ਗੁਰੂ, 22 ਜੂਨ (ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਕੱੱਲ੍ਹ 23 ਜੂਨ ਮੰਗਲਵਾਰ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ - 1 ਮੈਡਮ ਅਲਕਾ ਕਾਲੀਆ ਦੀ ਅਗਵਾਈ ਹੇਠ ਨਗਰ ਕੌਂਸਲ ਦਫਤਰ ਜੰਡਿਆਲਾ ਗੁਰੂ ਵਿਖੇ ਸਵੇਰੇ 10 ਵਜੇ ਹੋਵੇਗੀ ਅਤੇ ਇਸ ਚੋਣ ਵਿੱਚ ਸ਼ਾਮਿਲ ਹੋਣ ਲਈ ਸਾਰੇ ਦੇ ਸਾਰੇ 15 ਕੌਂਸਲਰਾਂ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ - 1 ਵਲੋਂ ਨੋਟਿਸ ਭੇਜ ਕੇ ਜਾਣਕਾਰੀ ਦੇ ਦਿੱਤੀ ਗਈ ਹੈ । ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ ਤੇ ਇਸ ਉਪਰੰਤ ਚੋਣ ਹੋਵੇਗੀ । ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿਚ ਲਗਭਗ ਸਹਿਮਤੀ ਬਣੀ ਹੋਈ ਹੈ ਅਤੇ ਵੱਡਾ ਬਹੁਮਤ ਵੀ ਹੈ ਆਮ ਆਦਮੀ ਪਾਰਟੀ ਕੋਲ ਅਤੇ ਆਮ ਆਦਮੀ ਪਾਰਟੀ ਦੇ 15 ਵਾਰਡਾਂ ਚੋਂ 13 ਵਾਰਡਾਂ ਵਿਚ ਜੇਤੂ ਕੌਂਸਲਰਾਂ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ .ਹਰਭਜਨ ਸਿੰਘ ਈ. ਟੀ. ਓ. ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਸੇ ਨੂੰ ਵੀ ਪ੍ਰਧਾਨ ਜਾਂ ਮੀਤ ਪ੍ਰਧਾਨ ਬਣਾਈ ਜਾਣ ਦੀ ਸਹਿਮਤੀ ਦਿੱਤੀ ਹੋਈ ਹੈ ਅਤੇ ਕੇਵਲ ਇਹਨਾਂ ਅਹੁਦਿਆਂ ਦਾ ਐਲਾਨ ਹੋਣਾਂ ਹੀ ਬਾਕੀ ਹੈ ਭਾਵੇਂ ਕਿ ਇਹਨਾਂ ਅਹੁਦਿਆਂ ਦੀ ਚੋਣ ਨਿਯਮਾਂ ਮੁਤਾਬਕ ਹੀ ਹੋਵੇਗੀ। । 26 ਮਈ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ’ਚੋਂ 13 ਵਾਰਡਾਂ ਦੀਆਂ ਪਈਆਂ ਵੋਟਾਂ ਦੇ 29 ਮਈ ਨੂੰ ਐਲਾਨੇ ਗਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ 11 ਉਮੀਦਵਾਰ ਜੇਤੂ ਰਹੇ ਸਨ ਅਤੇ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕਾਗਜ ਵਾਪਸ ਲੈਣ ਕਰਕੇ ਪਹਿਲਾਂ ਹੀ ਜੇਤੂ ਕਰਾਰ ਦੇ ਦਿੱਤੇ ਗਏ ਸਨ ਜਿਸ ਕਰਕੇ ਆਮ ਆਦਮੀ ਕੋਲ 15 ਵਿੱਚੋਂ 13 ਕੌਂਸਲਰ ਹਨ ਅਤੇ ਇਕ ਕੌਂਸਲਰ ਕਾਂਗਰਸ ਪਾਰਟੀ ਦਾ ਅਤੇ ਇਕ ਅਕਾਲੀ ਦਲ ਦਾ ਕੌਂਸਲਰ ਹੈ। ਇਹ ਪਤਾ ਨਹੀਂ ਹੈ ਕਿ ਨਗਰ ਕੌਂਸਲ ਦੇ ਅਹੁਦੇਦਾਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਰੱਖਿਆ ਜਾਂਦਾ ਹੈ ਜਾਂ ਨਹੀਂ ਤੇ ਹੋ ਸਕਦਾ ਹੈ ਕਿ ਆਪ ਦੇ ਕੌਂਸਲਰਾਂ ਨੂੰ ਖੁਸ਼ ਰੱਖਣ ਲਈ ਸੀਨੀਅਰ ਮੀਤ ਪ੍ਰਧਾਨਗੀ ਦਾ ਅਹੁਦਾ ਵੀ ਅਮਲ ਵਿਚ ਲਿਆਂਦਾ ਜਾਵੇ।
ਅੱਜ ਹੋਵੇਗੀ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ
ਅਜੀਤ ਡੈਸਕ
23-06-2026