ਅੰਮ੍ਰਿਤਸਰ, 10 ਜੁਲਾਈ (ਰੇਸ਼ਮ ਸਿੰਘ)-ਸ਼ਹਿਰ ਦੇ ਪ੍ਰਾਚੀਨ ਤੇ ਇਤਿਹਾਸਕ ਖੇਤਰ ਕੌਤਵਾਲੀ ਨੇੜੇ ਇਕ ਹੋਰ ਨੌਜਵਾਨ ਨੂੰ ਪੁਲਿਸ ਵਲੋਂ ਹੈਰੋਇਨ ਦੇ ਸੂਟੇ ਲਾਉਂਦੇ ਕਾਬੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਰਾਸਤੀ ਮਾਰਗ, ਟਾਊਨ ਹਾਲ ਤੋਂ ਵੀ ਕਾਫੀ ਨੌਜਵਾਨਾਂ ਨੂੰ ਨਸ਼ੇ ਕਰਦਿਆਂ ਵੱਖ-ਵੱਖ ਸਮੇਂ ’ਤੇ ਕਾਬੂ ਕੀਤਾ ਜਾ ਚੁੱਕਿਆ ਹੈ। ਥਾਣਾ ਕੌਤਵਾਲੀ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਅਸੀਸ਼ ਅਰੋੜਾ ਵਾਸੀ ਕੂਚਾ ਦਿਆਲ ਸਿੰਘ ਕੱਟੜਾ ਬੱਘੀਆਂ ਵਜੋਂ ਹੋਈ ਹੈ। ਏ. ਐੱਸ. ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਜਦੋਂ ਭਰਾਵਾਂ ਦੇ ਢਾਬੇ ਤੋਂ ਮਸਸਿਦ ਕੋਲ ਟਾਊਨ ਹਾਲ ਬਿਜਲੀ ਘਰ ਨੇੜੇ ਇਕ ਨੌਜਵਾਨ ਹਰਕਤ ਕਰਦਾ ਦਿਖਿਆ, ਜਿਸ ਨੂੰ ਕਾਬੂ ਕੀਤਾ ਤਾਂ ਉਸ ਪਾਸੋਂ ਚਾਂਦੀ ਦੇ ਵਰਕ ਦੀ ਪੰਨੀ ਜਿਸ ‘ਤੇ ਹੈਰੋਇਨ ਲਬੇੜੀ ਹੋਈ ਸੀ। ਇਕ ਲਾਈਟਰ, ਇਕ ਵਰਕ ਦੀ ਪਾਈਪ ਬਰਾਮਦ ਕੀਤੀ ਗਈ। ਇਹ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।