ਪੁਲਿਸ ਥਾਣੇ, ਸਕੂਲ, ਹਸਪਤਾਲ ਵਜੋਂ ਵਰਤੀ ਜਾਂਦੀ ਰਹੀ ਕਿਲ੍ਹਾ ਮਹਾਂ ਸਿੰਘ ਦੀ ਇਮਾਰਤ
ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਦੇ ਨਾਂਅ ‘ਤੇ ਉਸਾਰੇ ਗਏ ਅੰਮ੍ਰਿਤਸਰ ਦੇ ਦਰਵਾਜ਼ਾ ਮਹਾਂ ਸਿੰਘ (ਪੁਰਾਣਾ ਨਾਂਅ ਦਰਵਾਜ਼ਾ-ਏ-ਡਿਉੜੀ ਕਲਾਂ) ਦੇ ਅੰਦਰ ਸਥਾਪਿਤ ਕਿਲ੍ਹਾ ਮਹਾਂ ਸਿੰਘ ਦਾ ਅਤੀਤ ਮੌਜੂਦਾ ਦੌਰ ’ਚ ਬੁਝਾਰਤ ਬਣ ਚੁੱਕਿਆ ਹੈ । ਇਸ ਕਿਲ੍ਹੇ ਦੀ ਸ਼ਾਨ ਤੇ ਇਤਿਹਾਸ ਦੋਵੇਂ ਲੁਪਤ ਹੋ ਚੁੱਕੇ ਹਨ ਅਤੇ ਮੌਜੂਦਾ ਭੂਮੀ ਰਿਕਾਰਡ ਜਾਂ ਵਿਰਾਸਤੀ ਇਮਾਰਤਾਂ ਦੇ ਰੱਖ-ਰਖਾਅ ਨਾਲ ਸੰਬੰਧਿਤ ਵਿਭਾਗਾਂ ਕੋਲ ਇਸ ਕਿਲ੍ਹੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ । ਦੱਸਿਆ ਜਾਂਦਾ ਹੈ ਕਿ ਇਹ ਕਿਲ੍ਹਾ ਮਿਸਲ ਕਾਲ ਵੇਲੇ ਸ: ਮਹਾਂ ਸਿੰਘ ਸ਼ੁਕਰਚੱਕੀਆ ਦੁਆਰਾ ਬਣਵਾਇਆ ਗਿਆ । ਇਸ ਦੇ ਬਿਲਕੁਲ ਨਾਲ ਬਾਅਦ ’ਚ ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਪਿਤਾ ਦੇ ਨਾਂਅ ’ਤੇ ਇਕ ਮਜ਼ਬੂਤ ਦਰਵਾਜ਼ਾ ਬਣਵਾਇਆ ਗਿਆ, ਜਿਸ ਨੂੰ ਲਗਭਗ 134 ਵਰ੍ਹੇ ਪਹਿਲਾਂ ਸੰਨ 1892 ’ਚ ਅੰਗਰੇਜ਼ ਸਰਕਾਰ ਦੇ ਸ਼ਾਸਨ ਸਮੇਂ ਢਾਹ ਦਿੱਤੇ ਜਾਣ ਦੇ ਬਾਵਜੂਦ ਸੰਬੰਧਿਤ ਆਬਾਦੀ ਇਸੇ ਦਰਵਾਜ਼ੇ ਦੇ ਨਾਂਅ ਤੋਂ ਆਬਾਦੀ ਕਿਲ੍ਹਾ ਮਹਾਂ ਸਿੰਘ ਕਰਕੇ ਜਾਣੀ ਜਾਂਦੀ ਹੈ। ਅੰਗਰੇਜ਼ੀ ਸ਼ਾਸਨ ਦੇ ਸਮੇਂ ਉਕਤ ਕਿਲ੍ਹੇ ਦੀ ਜ਼ਮੀਨ ’ਤੇ ਪਹਿਲਾਂ ਪੁਲਿਸ ਥਾਣਾ ਅਤੇ ਫਿਰ ਉਸੇ ਥਾਂ ‘ਤੇ ਸੰਨ 1866 ’ਚ ਦੋ ਮੰਜ਼ਿਲਾ ਚਰਚ ਆਫ਼ ਇੰਗਲੈਂਡ ਜ਼ਨਾਨਾ ਮਿਸ਼ਨਰੀ ਸੋਸਾਇਟੀ ਉਸਾਰਿਆ ਗਿਆ । ਹੁਣ ਇਸ ਸਥਾਨ ‘ਤੇ ਮਿਸ਼ਨ ਹਾਊਸ ਦੇ ਨਾਲ-ਨਾਲ ਚਰਚ ਆਫ਼ ਇੰਗਲੈਂਡ ਅਤੇ ਇਕ ਪੁਰਾਣੇ ਹਸਪਤਾਲ ਦੀ ਖੰਡਰ ’ਚ ਤਬਦੀਲ ਹੋ ਚੁੱਕੀ ਇਮਾਰਤ ਮੌਜੂਦ ਹੈ । ਜ਼ਿਕਰਯੋਗ ਹੈ ਕਿ ਸ਼ਹਿਰ ਦਾ ਉਕਤ ਇਤਿਹਾਸਕ ਦਰਵਾਜ਼ਾ ਸੰਨ 1892 ’ਚ ਡੇਗੇ ਜਾਣ ਦੇ ਬਾਅਦ ਸੰਨ 1908 ’ਚ ਕਿਲ੍ਹੇ ਦੇ ਸਥਾਨ ’ਤੇ ਸੈਂਟ ਕੈਥਰਿਕ ਹਸਪਤਾਲ ਸ਼ੁਰੂ ਕੀਤਾ ਗਿਆ, ਜੋ ਪਹਿਲਾਂ ਹਾਲ ਦਰਵਾਜ਼ੇ ਦੇ ਅੰਦਰ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਹਸਪਤਾਲ ਦੇ ਸਟਾਫ਼ ਵਿਚ ਅੰਗਰੇਜ਼ ਤੇ ਸਥਾਨਕ ਈਸਾਈ ਡਾਕਟਰ ਸੇਵਾਵਾਂ ਦਿੰਦੇ ਰਹੇ। ਲੰਬਾ ਸਮਾਂ ਪਹਿਲਾਂ ਬੰਦ ਹੋ ਚੁੱਕੇ ਇਸ ਹਸਪਤਾਲ ਦੀ ਖੰਡਰਨੁਮਾ ਇਮਾਰਤ ਦੇ ਖੰਡਰ ਅੱਜ ਵੀ ਮੌਜੂਦ ਹਨ, ਜਿਸ ਦੇ ਅੰਦਰ ਪ੍ਰਵੇਸ਼ ਕਰਦਿਆਂ ਹੀ ਸਾਹਮਣੇ ਹਸਪਤਾਲ ਦੀ ਹਿੰਦੂ ਵਾਰਡ ਹੈ। ਇਹ ਵਾਰਡ ਰਾਏ ਬਹਾਦਰ ਲਾਲਾ ਰਤਨ ਚੰਦ ਓ. ਬੀ. ਈ. ਨੇ ਆਪਣੀ ਮਾਂ ਸ੍ਰੀਮਤੀ ਪਰਮੇਸ਼ਵਰੀ ਦੇਵੀ ਦੀ ਯਾਦ ਵਿਚ ਬਣਵਾਈ ਸੀ । ਇਸ ਦੇ ਨਾਲ ਹੀ ਮੌਜੂਦ ‘ਡਾ: ਈ. ਆਰ. ਬੀ. ਸਨੋ’ ਵਾਰਡ ਸ: ਪ੍ਰਤਾਪ ਸਿੰਘ ਸਵਾਣੀ ਦੀ ਪਤਨੀ ਬੀਬੀ ਬਿਸ਼ਨ ਕੌਰ ਨੇ ਤਾਮੀਰ ਕਰਵਾਈ। ਹਸਪਤਾਲ ਦੇ ਗੇਟ ਦੇ ਖੱਬੇ ਹੱਥ ਵੱਲ ਦੀ ਵਾਰਡ ਸ੍ਰੀ ਸਾਈਂ ਦਾਸ ‘ਬਿਜਲੀ ਪਹਿਲਵਾਨ’ ਦੀ ਪਤਨੀ ਬੀਬੀ ਬਸੰਤ ਕੌਰ ਨੇ ਡਾ. ਸਨੋ ਨੂੰ ਬਣਵਾ ਕੇ ਦਿੱਤੀ। ਇਸ ਦੇ ਬਾਹਰ ਲੱਗੀ ਪੱਥਰ ਦੀ ਸਿਲ ‘ਤੇ ਲਿਖਿਆ ‘ਜਿਹੜਾ ਆਵੇ, ਰਾਜ਼ੀ ਹੋ ਕੇ ਜਾਵੇ’ ਅੱਜ ਵੀ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। ਦੇਸ਼ ਦੀ ਵੰਡ ਤੋਂ ਬਾਅਦ ਇਸੇ ਹਸਪਤਾਲ ਦੀ ਇਮਾਰਤ ਵਿਚ ਲੜਕੀਆਂ ਦਾ ਸਰਕਾਰੀ ਸਕੂਲ ਸ਼ੁਰੂ ਕੀਤਾ ਗਿਆ, ਜੋ ਹੁਣ ਇੱਥੋਂ ਤਬਦੀਲ ਹੋ ਚੁੱਕਿਆ ਹੈ।
ਖੰਡਰ ਬਣ ਚੁੱਕੇ ਸ਼ੇਰ-ਏ-ਪੰਜਾਬ ਦੇ ਪਿਤਾ ਦੇ ਕਿਲ੍ਹੇ ਦਾ ਅਤੀਤ ਬਣਿਆ ਬੁਝਾਰਤ
ਅਜੀਤ ਡੈਸਕ
12-07-2026