ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਕੋਛੜ)- ਮਹਿਲਾ ਕੈਦੀਆਂ ਨੂੰ ਹੁਨਰਮੰਦ ਬਣਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਉਦੇਸ਼ ਨਾਲ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਰੀਜਨਲ ਫ਼ੈਸ਼ਨ ਟੈਕਸ-ਟੈਕ ਫੋਰਮ ਅਤੇ ਪੰਜਾਬ ਸਟੇਟ ਚੈਪਟਰ ਨੇ ਸਟੂਡੀਓ ਬਾਈ ਹਿਮਾਨੀ ਅਰੋੜਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਖੇ ਪੀ. ਐੱਚ. ਡੀ. ਸੀ. ਸੀ. ਆਈ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ‘ਚ ‘ਪ੍ਰੋਜੈਕਟ ਉਡਾਣ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕੀਤਾ । ਮੁੱਖ ਮਹਿਮਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ‘ਚ ਪੀ. ਐੱਚ. ਡੀ. ਸੀ. ਸੀ. ਆਈ. ਅਤੇ ਰੀਜਨਲ ਫ਼ੈਸ਼ਨ ਟੈਕਸ ਐਂਡ ਟੈਕ ਫੋਰਮ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ, ਵੋਕੇਸ਼ਨਲ ਟ੍ਰੇਨਿੰਗ ਅਤੇ ਮਿਹਨਤ ਰਾਹੀਂ ਪੁਨਰਵਾਸ ਇਕ ਸਮਾਵੇਸ਼ੀ ਸਮਾਜ ਦੀ ਨੀਂਹ ਹੈ। ਉਨ੍ਹਾਂ ਉਦਯੋਗ ਅਤੇ ਸਰਕਾਰ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਸਮਾਜਿਕ ਬਦਲਾਅ ਲਈ ਟਿਕਾਊ ਮੌਕੇ ਪੈਦਾ ਕੀਤੇ ਜਾ ਸਕਣ। ਇਸ ਮੌਕੇ ਰਾਜਪਾਲ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕਰਨ ਦੇ ਨਾਲ-ਨਾਲ ਕੇਂਦਰ ਨੂੰ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ। ਉਨ੍ਹਾਂ ਮਹਿਲਾ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਟ੍ਰੇਨਿੰਗ ਦਾ ਪੂਰਾ ਲਾਭ ਉਠਾ ਕੇ ਆਤਮਨਿਰਭਰ ਅਤੇ ਬਿਹਤਰ ਭਵਿੱਖ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਗਭਗ 200 ਮਹਿਲਾ ਕੈਦੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਸਮਾਗਮ ਦੌਰਾਨ ਸਵਾਗਤੀ ਭਾਸ਼ਣ ਦਿੰਦਿਆਂ ਚੈਂਬਰ ਦੇ ਪੰਜਾਬ ਸਟੇਟ ਚੈਪਟਰ ਦੇ ਕਰਨ ਗਿਲਹੋਤਰਾ ਨੇ ਕਿਹਾ ਕਿ ਇਹ ਸਕਿੱਲ ਡਿਵੈਲਪਮੈਂਟ ਸੈਂਟਰ ਮਹਿਲਾ ਕੈਦੀਆਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ । ‘ਪ੍ਰੋਜੈਕਟ ਉਡਾਣ’ ਦੀ ਅਗਵਾਈ ਕਰ ਵਾਲੇ ਰੀਜਨਲ ਫ਼ੈਸ਼ਨ ਟੈਕਸ ਟੈਕ ਫੋਰਮ ਦੇ ਹਿਮਾਨੀ ਅਰੋੜਾ ਨੇ ਦੱਸਿਆ ਕਿ ਮਹਿਲਾ ਕੈਦੀਆਂ ਨੂੰ ਸਿਲਾਈ, ਕਢਾਈ, ਟੈਕਸਟਾਈਲ ਕ੍ਰਾਫਟ ਅਤੇ ਆਧੁਨਿਕ ਫ਼ੈਸ਼ਨ ਤਕਨੀਕਾਂ ਦੀ ਵਿਵਸਥਿਤ ਟ੍ਰੇਨਿੰਗ ਦਿੱਤੀ ਜਾਵੇਗੀ । ਸਮਾਗਮ ‘ਚ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ (ਆਈ. ਏ. ਐੱਸ.), ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਸੁਪਰਿੰਟੈਂਡੈਂਟ ਰਾਜੀਵ ਕੁਮਾਰ ਅਰੋੜਾ, ਪੀ. ਐੱਚ. ਡੀ. ਚੈਂਬਰ ਅੰਮ੍ਰਿਤਸਰ ਜ਼ੋਨ ਦੇ ਕਨਵੀਨਰ ਸੀ. ਏ. ਜੈਦੀਪ ਸਿੰਘ, ਸਹਿ-ਕਨਵੀਨਰ ਨਿਪੁਣ ਅਗਰਵਾਲ ਅਤੇ ਸਹਾਇਕ ਸਕੱਤਰ ਸੁਮਿਤ ਕੁਮਾਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਮਹਿਲਾ ਕੈਦੀਆਂ ਨੂੰ ਹੁਨਰਮੰਦ ਬਣਾਉਣ ਲਈ ਪੀ. ਐੱਚ. ਡੀ. ਚੈਂਬਰ ਵਲੋਂ ‘ਪ੍ਰੋਜੈਕਟ ਉਡਾਣ’ ਸ਼ੁਰੂ
ਅਜੀਤ ਡੈਸਕ
13-07-2026